ਮਾਨਵ ਸੇਵਾ ਦਿਵਸ ਬਨਾਮ ਭਾਈ ਘਨੱਈਆ ਜੀ ...

ਜਸਪਾਲ ਸਿੰਘ ਹੇਰਾਂ
ਸੇਵਾ ਸਿੱਖੀ ਦਾ ਪਹਿਲਾ, ਸੁਨਿਹਰਾ ਅਤੇ ਸਿੱਖੀ ਦਾ ਬੁਨਿਆਦੀ ਸਿਧਾਂਤ ਹੈ ਅਤੇ ਇਸ ਦੇ ਨਾਲ ਹੀ ''ਕੋਇ ਨਾ ਦਿਸੈ ਬਾਹਿਰਾ ਜੀਓ'' ਤੇ 'ਸਰਬੱਤ ਦਾ ਭਲਾ' ਮੰਗਣਾ ਸਿੱਖੀ ਦੇ ਸੱਚੇ ਮਾਨਵਤਾਵਾਦੀ ਸਿਧਾਂਤ ਹਨ, ਜਿਹੜੇ ਸਿੱਖੀ ਦੀ ਵਿਲੱਖਣਤਾ ਦੇ ਪ੍ਰਤੀਕ ਹਨ। ਅੱਜ ਪੰਜਾਬ ਸਰਕਾਰ ਨੇ ਭਾਈ ਘਨੱਈਆ ਜੀ ਦਾ ਦਿਵਸ ਮਾਨਵ ਸੇਵਾ ਦਿਵਸ ਦੇ ਰੂਪ 'ਚ ਹੁਸ਼ਿਆਰਪੁਰ ਵਿਖੇ ਮਨਾਇਆ, ਪ੍ਰੰਤੂ ਇਸ ਦਿਵਸ ਦਾ ਜਿਹੜਾ ਸੁਨੇਹਾ ਪੂਰੇ ਵਿਸ਼ਵ 'ਚ ਜਾਣਾ ਚਾਹੀਦਾ ਹੈ, ਉਹ ਸੁਨੇਹਾ ਪੰਜਾਬ ਸਰਕਾਰ ਦੇ ਰਾਜ ਪੱਧਰੀ ਸਮਾਗਮ ਨੇ ਤਾਂ ਭਲਾ ਕੀ ਦੇਣਾ, ਖ਼ੁਦ ਸਿੱਖ ਪੰਥ ਇਸ ਦਿਵਸ ਦੇ ਸੁਨੇਹੇ ਨੂੰ ਵਿਸ਼ਵ 'ਚ ਲੈ ਕੇ ਜਾਣ ਤੋਂ ਅਸਮਰੱਥ ਹੈ।

ਸਿੱਖ ਕੌਮ ਜਿਹੜੀ ਆਪਣੇ ਸ਼ਾਨਾਮੱਤੇ ਇਤਿਹਾਸ ਤੋਂ ਅੱਖਾਂ ਮੀਚੀ ਬੈਠੀ ਹੈ ਅਤੇ ਜਿਸ ਮੁਕਾਮ ਦੀ ਅਸੀਂ ਬਹੁਤ ਸਮਾਂ ਪਹਿਲਾ ਪ੍ਰਾਪਤੀ ਕਰ ਚੁੱਕੇ ਹਾਂ, ਉਸ ਮੁਕਾਮ ਨੂੰ ਵੀ 'ਗੈਰਾਂ' ਹੱਥ ਗੁਆ ਕੇ, ਦੜ੍ਹ ਵੱਟੀ ਬੈਠੇ ਹਾਂ। 20 ਸਤੰਬਰ ਨੂੰ 'ਰੈੱਡਕਰਾਸ ਦਿਵਸ' ਮਨਾਇਆ ਜਾਂਦਾ ਹੈ, ਮਾਨਵਤਾ ਦੀ ਭਲਾਈ ਦੇ ਇਸ ਦਿਵਸ ਦੀ ਸ਼ੁਰੂਆਤ 1883 ਈਸਵੀਂ 'ਚ ਹੋਈ ਸੀ, ਇਸ ਦਿਨ ਨੂੰ ਮਨੁੱਖਤਾ ਦੀ ਸੇਵਾ ਦੇ ਦਿਵਸ ਵਜੋਂ ਉਸ ਦਿਨ ਤੋਂ ਹੀ 'ਰੈਡ ਕਰਾਸ ਦਿਵਸ' ਦੇ ਨਾਮ ਥੱਲੇ ਮਨਾਇਆ ਜਾਂਦਾ ਹੈ। ਪ੍ਰੰਤੂ ਸਿੱਖ ਪੰਥ ਜਿਸਦੀ ਸਥਾਪਨਾ ਹੀ ਮਾਨਵਤਾ ਵੀ ਸੇਵਾ ਤੇ ਸਰਬੱਤ ਦੇ ਭਲੇ ਲਈ ਹੋਈ ਸੀ, ਇਸ ਪੰਥ ਦੇ ਮਹਾਨ ਸੇਵਾਦਾਰ ਭਾਈ ਘਨ੍ਹਈਆ ਜੀ ਨੇ ਮਾਨਵਤਾ ਦੀ ਸੇਵਾ ਦਾ ਜਿਹੜਾ ਸੰਦੇਸ਼ ਦਿੱਤਾ ਸੀ ਅਤੇ ਕਲਗੀਧਰ ਪਿਤਾ ਦੀ ਕ੍ਰਿਪਾ ਤੇ ਅਗਵਾਈ ਥੱਲੇ ਜਿਸ ਤਰ੍ਹਾਂ ਦੀ ਉਦਾਹਰਣ ਦੁਨੀਆ ਸਾਹਮਣੇ ਪੇਸ਼ ਕੀਤੀ ਸੀ, ਉਹ ਹਕੀਕੀ ਰੂਪ 'ਚ ਰੈਡਕਰਾਸ ਦੀ ਬੁਨਿਆਦ ਹੈ। ਅੱਜ ਦੇ ਰੈਡਕਰਾਸ ਦੇ ਜਨਮ ਤੋਂ 158 ਵਰ੍ਹੇ ਪਹਿਲਾ ਭਾਈ ਘਨ੍ਹਈਆ ਜੀ ਨੇ 1705 ਈਸਵੀਂ 'ਚ ਕਿਲ੍ਹਾ ਆਨੰਦਗੜ੍ਹ ਵਿਖੇ ਹੋਏ ਯੁੱਧਾਂ 'ਚ  ਆਪਣਿਆਂ ਤੇ ਦੁਸ਼ਮਣਾਂ ਦੇ ਭੇਦ-ਭਾਵ ਤੋਂ ਬਿਨਾਂ ਹਰ ਜਖ਼ਮੀ ਨੂੰ ਪਾਣੀ ਪਿਲਾਇਆ, ਸ਼ਕਾਇਤ ਹੋਣ ਤੇ ਗੁਰੂ ਜੀ ਨੂੰ ਜਵਾਬ ਦਿੱਤਾ ਕਿ 'ਮੈਨੂੰ ਤਾਂ ਹਰ ਸਖ਼ਸ 'ਚੋਂ ਤੁਹਾਡਾ ਚਿਹਰਾ ਹੀ ਦਿਖਾਈ ਦਿੰਦਾ ਹੈ' ਤੇ ਬਦਲੇ 'ਚ ਹਰ ਜਖ਼ਮੀ ਨੂੰ ਮੱਲ੍ਹਮ ਲਾਉਣ ਦੀ ਸੇਵਾ ਵੀ ਪ੍ਰਾਪਤ ਕੀਤੀ ਸੀ। ਭਾਈ ਘਨ੍ਹਈਆ ਜੀ ਨੇ ਜਿਸ ਤਰ੍ਹਾਂ ਜੰਗ ਦੇ ਮੈਦਾਨ 'ਚ ਆਪਣਿਆਂ ਤੇ ਦੁਸ਼ਮਣਾਂ ਦੀ ਬਿਨਾਂ ਕਿਸੇ ਭੇਦ-ਭਾਵ ਤੋਂ ਸੇਵਾ ਕੀਤੀ। ਇਹ ਮਹਾਨ ਮਾਨਵਤਾਵਾਦੀ ਘਟਨਾ ਅਸਲ 'ਚ ਰੈਡਕਰਾਸ ਦੀ ਜਨਮਦਾਤੀ ਹੈ ਅਤੇ ਸਿੱਖ ਧਰਮ 'ਚ ਸੇਵਾ ਦੀ ਮਹਾਨਤਾ ਦਾ ਜਿਹੜਾ ਪਾਠ ਪੜ੍ਹਾਇਆ ਜਾਂਦਾ ਹੈ, ਉਸਦਾ ਸਮੁੱਚੀ ਦੁਨੀਆ ਨੂੰ ਦਿੱਤਾ ਗਿਆ, ਸਭ ਤੋਂ ਵੱਡਾ ਸਬਕ ਹੈ। ਅਸੀਂ ਇਸ ਤੋਂ ਪਹਿਲਾ ਵੀ ਕਈ ਵਾਰ ਲਿਖਿਆ ਹੈ ਕਿ ਸਿੱਖ ਧਰਮ ਦੁਨੀਆ ਦਾ ਉਹ ਮਹਾਨ ਧਰਮ ਹੈ, ਜਿਹੜਾ ਵਿਸ਼ਵ ਧਰਮ ਬਣਨ ਦੀ ਸੱਚਮੁੱਚੀ ਸਮਰੱਥਾ ਰੱਖਦਾ ਹੈ, ਕਿਉਂਕਿ ਸਿੱਖੀ ਸਿਧਾਂਤ, ਮਾਨਵਤਾ ਲਈ ਹਰ ਖੇਤਰ 'ਚ ਅਜਿਹੇ ਚਾਨਣ ਮੁਨਾਰੇ ਹਨ, ਜਿਹੜੇ ਸਮੁੱਚੇ ਵਿਸ਼ਵ 'ਚੋਂ ਕਲੇਸ਼, ਈਰਖਾ, ਹਊਮੈ ਦੀ ਲੜਾਈ ਨੂੰ ਖ਼ਤਮ ਕਰਨ ਅਤੇ ਵਿਸ਼ਵ 'ਚ ਅਮਨ ਦੀ ਬਹਾਲੀ ਤੇ ਮਨੁੱਖੀ ਬਰਾਬਰੀ ਲਈ ਗਿਆਨ ਦਾ ਪ੍ਰਕਾਸ਼ ਵੰਡ ਸਕਦੇ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਮਾਨਵਤਾ ਨੂੰ ਸੱਚ ਦੇ ਮਾਰਗ ਤੇ ਤੋਰਨ ਲਈ ਸਭ ਤੋਂ ਵੱਡੇ ਪ੍ਰੇਰਨਾ ਸਰੋਤ ਹਨ। ਪ੍ਰੰਤੂ ਸਿੱਖ ਕੌਮ ਐਨੀ ਵੱਡੀ ਪ੍ਰਾਪਤੀ ਵੱਲ ਤੁਰਨ ਦੀ ਥਾਂ, ਇਕ ਦੂਜੇ ਦੀਆਂ ਪੱਗਾਂ ਲਾਹੁੰਣ ਅਤੇ ਲੱਤਾਂ ਖਿੱਚਣ ਤੱਕ 'ਮਹਿਦੂਦ' ਹੋ ਕੇ ਰਹਿ ਗਈ ਹੈ। ਪਦਾਰਥਵਾਦ ਦੀ ਭੁੱਖ ਤੇ ਸੱਤਾ ਲਾਲਸਾ ਨੇ ਸਾਨੂੰ ਐਨੇ ਸੁਆਰਥੀ ਬਣਾ ਦਿੱਤਾ ਹੈ ਕਿ ਅਸੀਂ ਸਿੱਖੀ ਤੇ ਗੌਰਵ ਕਰਨ ਦੀ ਥਾਂ, ਸਿੱਖੀ ਨੂੰ ਖੋਰਾ ਲਾਉਣ ਤੇ, ਪਿੱਠ ਦੇਣ ਵਾਲਿਆਂ ਦੇ ਸਾਥੀ ਬਣ ਬੈਠੇ ਹਾਂ। ਬਹਾਦਰੀ, ਸ਼ਹੀਦੀਆਂ, ਕੁਰਬਾਨੀਆਂ, ਤਿਆਗ, ਦ੍ਰਿੜ੍ਹਤਾ, ਆਡੋਲਤਾ, ਗੁਰੂ ਨੂੰ ਸਮਰਪਿਤ ਭਾਵਨਾ 'ਚ ਇਤਿਹਾਸ ਸਿਰਜਣ ਵਾਲੀ ਕੌਮ, ਜਿਸਦੇ ਹੈਰਤ ਭਰੇ ਇਤਿਹਾਸ ਦਾ ਸਮੁੱਚੀ ਦੁਨੀਆ ਨੇ ਲੋਹਾ ਮੰਨਣਾ ਸੀ, ਅਸੀਂ ਉਸ ਸ਼ਾਨਾਮੱਤੇ ਇਤਿਹਾਸ ਨੂੰ ਦੁਨੀਆ ਤੱਕ ਲੈ ਕੇ ਜਾਣ ਦੇ ਤਾਂ ਕੀ ਯੋਗ ਹੋਣਾ ਸੀ ਆਪਣੇ ਇਤਿਹਾਸ ਦੀ ਰਾਖੀ ਕਰਨ ਦੇ ਵੀ ਸਮਰੱਥ ਨਹੀਂ ਰਹੇ। ਅੱਜ ਸਿੱਖ ਵਿਰੋਧੀ ਤਾਕਤਾਂ ਸਿੱਖ ਇਤਿਹਾਸ ਨਾਲ ਖਿਲਵਾੜ ਕਰ ਰਹੀਆਂ ਹਨ, ਇਤਿਹਾਸ ਨੂੰ ਜਾਣਬੁੱਝ ਕੇ ਤਰੋੜਿਆ-ਮਰੋੜਿਆ ਜਾ ਰਿਹਾ ਹੈ, ਪ੍ਰੰਤੂ ਸਾਡੇ ਤਾਂ ਕੰਨ੍ਹਾਂ ਤੇ ਜੂੰਅ ਨਹੀਂ ਸਰਕਦੀ, ਸਗੋਂ ਗੈਰਾਂ ਦੀ ਝੋਲੀ ਪੈ ਚੁੱਕੇ ਸਾਡੇ ਆਗੂ, ਦੁਸ਼ਮਣਾਂ ਦੀਆਂ ਕਾਰਵਾਈਆਂ ਦੇ ਵਿਰੋਧ ਦੀ ਥਾਂ, ਉਲਟਾ ਉਨ੍ਹਾਂ ਦੀ ਪਿੱਠ ਥਾਪੜ ਰਹੇ ਹਨ।

ਅਸੀਂ ਚਾਹੁੰਦੇ ਹਾਂ ਕਿ ਰੈਡਕਰਾਸ ਦੇ ਜਨਮਦਾਤੇ ਵਜੋਂ ਭਾਈ ਘਨ੍ਹਈਆ ਜੀ ਦਾ ਨਾਮ ਵਿਸ਼ਵ 'ਚ ਜਾਣਿਆ ਜਾਵੇ ਅਤੇ ਵਿਸ਼ਵ ਰੈਡ ਕਰਾਸ ਦੀ ਸੰਸਥਾ, ਇਸਨੂੰ ਖ਼ੁਦ ਪ੍ਰਵਾਨ ਕਰੇ। ਇਹ ਤਦ ਹੀ ਸੰਭਵ ਹੋਵੇਗਾ, ਜੇ ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ, ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਸਮੇਤ ਸਾਰੀਆਂ ਸਿੱਖ ਸੰਸਥਾਵਾਂ ਅਤੇ ਖ਼ਾਸ ਕਰਕੇ ਵਿਦੇਸ਼ਾਂ 'ਚ ਕੰਮ ਕਰ ਰਹੀਆਂ, ਸਿੱਖ ਸੰਸਥਾਵਾਂ ਇਸ ਸੱਚਾਈ ਦਾ ਡੱਟਵਾ ਹੋਕਾ ਦੇਣ ਅਤੇ ਯੂ. ਐਨ. ਓ. ਤੋਂ ਮੰਗ ਕੀਤੀ ਜਾਵੇ ਕਿ ਉਹ ਭਾਈ ਘਨ੍ਹਈਆ ਜੀ ਨੂੰ ਰੈਡ ਕਰਾਸ ਦਾ ਜਨਮ ਦਾਤਾ ਪ੍ਰਵਾਨ ਕਰੇ। ਇਸ ਲਈ ਚੰਗਾ ਹੋਵੇ ਜੇ ਇਕ ਸਾਂਝੀ ਲਹਿਰ ਆਰੰਭੀ ਜਾਵੇ ਅਤੇ 20 ਸਤੰਬਰ ਨੂੰ ਵਿਸ਼ਵ 'ਚ ਹਰ ਥਾਂ ਇਸ ਤਰ੍ਹਾਂ ਦੀ ਮੰਗ ਕਰਦੇ ਵਿਖਾਵੇ ਕੀਤੇ ਜਾਣ ਅਤੇ ਉਸ ਤੋਂ ਪਹਿਲਾ ਵਿਸ਼ਵ ਪੱਧਰ ਤੇ ਵੱਖ-ਵੱਖ ਮੰਚਾਂ ਰਾਹੀਂ ਅਜਿਹੀ ਚਰਚਾ ਛੇੜੀ ਜਾਵੇ ਅਤੇ ਦੁਨੀਆ ਸਾਹਮਣੇ ਤੱਥ ਪੇਸ਼ ਕੀਤੇ ਜਾਣ ਕਿ ਸਿੱਖ ਧਰਮ ਮਾਨਵਤਾ ਦੀ ਭਲਾਈ, ਮਾਨਵਤਾ ਦੀ ਸੇਵਾ ਤੇ ਸਰਬੱਤ ਦੇ ਭਲੇ ਦਾ ਨਾਅਰਾ ਹੀ ਦਿੰਦਾ, ਸਗੋਂ ਇਸ ਤੇ ਹਰ ਸਥਿਤੀ ਤੇ ਹਰ ਸਮੇਂ 'ਚ ਪੂਰਾ-ਪੂਰਾ ਵੀ ਉਤਰਦਾ ਹੈ, ਜਿਸਦੀ ਸਭ ਤੋਂ ਵੱਡੀ ਉਦਾਹਰਣ 1705 ਈਸਵੀਂ 'ਚ ਭਾਈ ਘਨ੍ਹਈਆ ਜੀ ਨੇ ਬਿਨਾਂ ਕਿਸੇ ਵੈਰ-ਵਿਰੋਧ, ਭਿੰਨ-ਭੇਦ ਤੋਂ ਆਪਣਿਆ ਤੇ ਦੁਸ਼ਮਣ ਨੂੰ ਇਕ ਸਮਝ ਕੇ ਕੀਤੀ ਸੇਵਾ ਨਾਲ ਰੈਡਕਰਾਸ ਦੀ ਸਥਾਪਨਾ ਕਰਕੇ ਪੇਸ਼ ਕੀਤੀ ਸੀ। 

Editorial
Jaspal Singh Heran

Click to read E-Paper

Advertisement

International