ਚਿੱਟੀਆਂ ਦਾੜ੍ਹੀਆਂ ਵਾਲਿਆਂ ਤੋਂ ਫ਼ੈਡਰੇਸ਼ਨ ਕਦੋਂ ਆਜ਼ਾਦ ਹੋਵੇਗੀ...?

ਜਸਪਾਲ ਸਿੰਘ ਹੇਰਾਂ
13 ਸਤੰਬਰ ਨੂੰ ਸਿੱਖ ਸਟੂਡੈਂਟ ਫ਼ੈਡਰੇਸ਼ਨ ਦਾ ਸਥਾਪਨਾ ਦਿਵਸ ਸੀ। ਫ਼ੈਡਰੇਸ਼ਨ ਦੇ ਚਿੱਟੀਆਂ ਦਾੜ੍ਹੀਆਂ ਵਾਲੇ ਵੱਖ ਵੱਖ ਧੜ੍ਹਿਆਂ ਨੇ ਇਹ ਦਿਹਾੜਾ ਵੱਖੋ ਵੱਖਰੇ ਥਾਵਾਂ ਤੇ ਵੱਖੋ ਵੱਖਰੀ ਤਰੀਕਾਂ ਨੂੰ ਮਨਾਇਆ। ਭਾਵੇਂਕਿ ਫ਼ੈਡਰੇਸ਼ਨ ਦਾ ਸਥਾਪਨਾ ਦਿਹਾੜਾ ਚਿੱਟੀਆਂ ਦਾੜ੍ਹੀਆਂ ਵਾਲਿਆਂ ਨੇ ਮਨਾਇਆ ਪ੍ਰੰਤੂ ਇਸ ਨਾਲ ਇਕ ਚਰਚਾ ਸਿੱਖ ਪੰਥ ਵਿਚ ਜ਼ਰੂਰ ਛਿੜ ਗਈ ਹੈ ਕਿ ਆਖ਼ਰ ਜੁਆਨੀ ਕੌਮ ਦੀ ਅਗਵਾਈ ਲਈ ਕਦੋਂ ਅੱਗੇ ਆਵੇਗੀ। ਇਤਿਹਾਸ ਦੇ ਪੰਨੇ ਇਸ ਗੱਲ ਦੇ ਗਵਾਹ ਹਨ ਕਿ ਦੁਨੀਆ 'ਚ ਆਏ ਹਰ ਇਨਕਲਾਬ ਦੀ ਬੁਨਿਆਦ 'ਜੁਆਨੀ' ਰਹੀ ਹੈ।  ਸਿੱਖ ਜੁਆਨੀ ਦਿਸ਼ਾਹੀਣ ਹੈ, ਉਸ ਦੀ ਕਿਸੇ ਖੇਤਰ 'ਚ ਕੋਈ ਹੋਂਦ ਨਹੀਂ ਹੈ, ਉਸਨੂੰ ਸਿਰਫ 'ਹਥਿਆਰ' ਵਾਗੂੰ ਵਰਤਿਆ ਜਾ ਰਿਹਾ ਹੈ ਅਤੇ ਉਹ ਨਿਰਾਸ਼ਾ ਦੀ ਖੱਡ 'ਚ ਡਿੱਗ ਕੇ, ਨਸ਼ਿਆਂ ਦੀ ਝੋਲੀ ਪੈ ਗਈ ਹੈ। ਅੱਜ ਜਦੋਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਭੂਮਿਕਾ ਸਬੰਧੀ ਚਰਚਾ ਛਿੜੀ ਹੈ ਤਾਂ ਅਜੋਕੀ ਸਿੱਖੀ ਪੀੜ੍ਹੀ ਦੀ ਵਰਤਮਾਨ ਸਥਿੱਤੀ ਦਾ ਲੇਖਾ-ਜੋਖਾ ਵੀ ਨਾਲੋ-ਨਾਲ ਹੋਣਾ ਹੈ। ਸਿੱਖੀ ਦਾ ਪ੍ਰਚਾਰ ਨਵੀਂ ਪੀੜ੍ਹੀ 'ਚ ਮਨਫੀ ਹੋ ਗਿਆ ਹੈ, ਜਿਸ ਕਾਰਣ ਸਿੱਖੀ ਪਾਸਾਰ ਰੁੱਕ ਗਿਆ ਹੈ। ਗੁਰੂ ਸਾਹਿਬਾਨ ਦੇ ਜੀਵਨ ਸਿਧਾਂਤ ਭੁੱਲ ਗਏ ਹਨ, ਨੌਜਵਾਨਾਂ 'ਚ ਕਿਰਤ, ਸੱਭਿਆਚਾਰ ਖ਼ਤਮ ਹੋ ਗਿਆ ਹੈ,  ਜਿਸ ਕਾਰਣ ਸਿੱਖੀ ਦੇ ਮੂਲ ਸਿਧਾਂਤ ਕਿਰਤ ਕਰੋ, ਨਾਮ ਜਪੋ, ਵੰਡ ਛੱਕੋ ਦੀ ਬੁਨਿਆਦ ਕੰਮਜ਼ੋਰ ਹੋ ਗਈ ਹੈ। ਸਿੱਖੀ ਜੁਆਨੀ ਜਿਸਨੇ ਹਮੇਸ਼ਾ ਸਿੱਖੀ ਦਾ ਆਨ-ਸ਼ਾਨ ਲਈ ਅਥਾਹ ਕੁਰਬਾਨੀਆਂ ਕੀਤੀਆਂ, ਉਹ ਅੱਜ ਨਾਈਆਂ ਦੀਆਂ ਦੁਕਾਨਾਂ ਤੇ ਨਸ਼ਿਆਂ ਦੇ ਅੱਡਿਆਂ ਤੱਕ ਸੀਮਤ ਹੋ ਕੇ ਰਹਿ ਗਈ ਹੈ।

ਅਸਲ 'ਚ ਜੁਆਨੀ ਨੂੰ ਹਮੇਸ਼ਾ ਰੋਲ ਮਾਡਲ ਦੀ ਲੋੜ ਹੁੰਦੀ ਹੈ, ਜਦੋਂ ਵੀ ਉਸਨੂੰ ਕਹਿਣੀ, ਕਰਨੀ ਦੇ ਪੂਰੇ ਕਿਸੇ ਆਗੂ ਨੇ ਅਵਾਜ਼ ਮਾਰੀ ਹੈ ਤਾਂ ਉਹ ਝੱਟ ਉੱਠ ਖੜ੍ਹੀ ਹੋਈ ਹੈ, ਪ੍ਰੰਤੂ ਜਦੋਂ ਉਸਨੂੰ ਕੋਈ ਰੋਲ ਮਾਡਲ ਹੀ ਵਿਖਾਈ ਨਹੀਂ ਦਿੰਦੇ, ਸਾਰੇ ਆਗੂ ਵਿਕਾਊ, ਮਤਲਬੀ ਮੌਕਾ ਪ੍ਰਸਤ, ਝੂਠੇ, ਬੇਈਮਾਨ ਤੇ ਭ੍ਰਿਸ਼ਟਾਚਾਰੀ ਵਿਖਾਈ ਦਿੰਦੇ ਹਨ, ਤਾਂ ਉਸਦਾ ਨਿਰਾਸ਼ ਹੋਣਾ ਸੁਭਾਵਿਕ ਹੈ। ਅੱਜ ਜੁਆਨੀ ਦੀ ਅਗਵਾਈ ਕਰਨ ਵਾਲੀ ਅਜਿਹੀ ਕੋਈ ਜਥੇਬੰਦੀ ਵਿਖਾਈ ਨਹੀਂ ਦਿੰਦੀ। ਜਿਹੜੀ ਸੱਚੀ-ਮੁੱਚੀ ਜੁਆਨੀ ਅਤੇ ਉਸਨੂੰ ਦਰਪੇਸ਼ ਸਮੱਸਿਆਵਾਂ ਪ੍ਰਤੀ ਗੰਭੀਰ ਤੇ ਸਮਰਪਿਤ ਹੋਵੇ। ਦਿਸ਼ਾਹੀਣ ਹੋਈ ਜੁਆਨੀ, ਕੌਮ ਤੇ ਸਮਾਜ ਲਈ ਤਬਾਹੀ ਦਾ ਕਾਰਣ ਬਣ ਸਕਦੀ ਹੈ। ਦਰਿਆਵਾਂ ਦੇ ਵਹਿਣ ਮੋੜ੍ਹਣ ਵਾਲੀ ਜੁਆਨੀ, ਅੱਥਰੇ ਘੋੜੇ ਵਾਗੂੰ ਜਦੋਂ ਬੇਕਾਬੂ ਹੋ ਜਾਂਦੀ ਹੈ ਤਾਂ ਉਸਨੂੰ ਸਹੀ ਸੇਧ ਵਿਖਾਉਣੀ ਬਹੁਤ ਔਖੀ ਹੋ ਜਾਂਦੀ ਹੈ। ਅੱਜ ਜਿੱਥੇ ਇੱਕ ਪਾਸੇ ਬੇਰੁਜ਼ਗਾਰੀ ਨੇ ਜੁਆਨੀ ਨੂੰ ਨਿਰਾਸ਼ ਕੀਤਾ ਹੋਇਆ ਹੈ, ਉਥੇ ਨਵੇਂ ਪੈਦਾ ਹੋਏ ਅਰਬਾਂਪਤੀਆਂ ਦੀ ਵਿਗੜੀ ਔਲਾਦ ਨੇ ਵੀ ਨੌਜਵਾਨਾਂ ਨੂੰ ਗੁੰਮਰਾਹ ਕਰਕੇ, ਉਨ੍ਹਾਂ ਦੇ ਜੀਵਨ ਨੂੰ ਹਨ੍ਹੇਰੇ ਪਾਸੇ ਮੋੜ ਦਿੱਤਾ ਹੈ। ਸਿੱਖਿਆ ਦੇ ਖੇਤਰ 'ਚ ਆਏ ਨਿਘਾਰ ਨੇ ਵੀ ਨੌਜਵਾਨ ਵਰਗ ਦਾ ਬੇੜਾ ਗਰਕ ਕਰਨ 'ਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ। ਕੱਚ ਘਰੜ ਤੇ ਅਧਪੜ੍ਹ ਪੜਾਕੂ ਮੁੰਡਿਆਂ ਨੂੰ ਸੁਫ਼ਨਿਆਂ ਦੀ ਦੁਨੀਆ 'ਚ ਜਾ ਸੁੱਟਿਆ ਹੈ, ਜਿਸਦੇ ਖ਼ਤਰਨਾਕ ਨਤੀਜੇ ਨਿਕਲ ਰਹੇ ਹਨ।

ਇਸ ਸਮੇਂ ਜਦੋਂ ਸਿੱਖ ਨੌਜਵਾਨਾਂ ਦੀਆਂ ਜਥੇਬੰਦੀਆਂ ਦਰਜਨ ਟੁਕੜਿਆਂ ਤੇ ਖ਼ੁਦਗਰਜ ਟੋਲਿਆ 'ਚ ਬਦਲ ਚੁੱਕੀਆਂ ਹੈ, ਉਸ ਸਮੇਂ ਉਨ੍ਹਾਂ ਤੋਂ ਕਿਸੇ ਅਗਵਾਈ ਦੀ ਉਮੀਦ ਰੱਖਣਾ, ਮੂਰਖਾਂ ਦੀ ਦੁਨੀਆਂ 'ਚ ਰਹਿਣ ਵਰਗਾ ਹੋਵੇਗਾ। ਅੱਜ ਸਿੱਖ ਜੁਆਨੀ ਦੀ ਲੀਡਰਸ਼ਿਪ 'ਚ ਵੱਡਾ ਖਲਾਅ ਹੈ, ਜਿਸਦੀ ਪੂਰਤੀ ਹਾਲੇਂ ਹੁੰਦੀ ਵਿਖਾਈ ਨਹੀਂ ਦਿੰਦੀ। ਕੌਮ ਨੂੰ ਨਵੀਂ ਪੀੜੀ ਨੂੰ ਸੇਧ ਦੇਣ ਵਾਲੇ ਨੌਜਵਾਨ ਆਗੂ ਦੀ ਵੱਡੀ ਲੋੜ ਹੈ, ਕਿਉਂਕਿ ਕੌਮ ਦਾ ਭਵਿੱਖ ਜੁਆਨੀ ਹੀ ਹੁੰਦੀ ਹੈ ਜੇ ਜੁਆਨੀ ਹੀ ਭਟਕਣ ਦਾ ਸ਼ਿਕਾਰ ਹੋ ਕੇ ਤਬਾਹ ਹੋ ਗਈ ਤਾਂ ਕੌਮ ਦੇ ਪੱਲੇ ਬਾਕੀ ਕੀ ਰਹਿ ਜਾਵੇਗਾ? ਇਸ ਲਈ ਜ਼ਰੂਰੀ ਹੈ ਕਿ ਕੌਮ ਦੇ ਇਸ ਹਰਿਆਵਲ ਦਸਤੇ ਨੂੰ ਹਰਾ ਭਰਾ ਬਣਾਈ ਰੱਖਣ ਲਈ ਗੰਭੀਰ ਉਪਰਾਲੇ ਕੀਤੇ ਜਾਣ ਅਤੇ ਜਿਸ ਨਿਸ਼ਾਨੇ, ਮਿਸ਼ਨ ਤੇ ਮੰਤਵ ਦੀ ਪੂਰਤੀ ਲਈ ਇਹ ਜਥੇਬੰਦੀ ਹੋਂਦ 'ਚ ਲਿਆਂਦੀ ਗਈ ਸੀ, ਉਸਨੂੰ ਮੁੜ ਤੋਂ ਉਭਾਰਿਆ ਜਾਵੇ ਤਾਂ ਕਿ ਉਹ ਨੌਜਵਾਨ ਜਿਨ੍ਹਾਂ ਦੇ ਸੀਨਿਆ 'ਚ ਕੌਮ ਦਾ ਦਰਦ ਹੈ, ਇਸ ਵੰਗਾਰ ਦਾ ਮੁਕਾਬਲਾ ਕਰਨ ਲਈ ਮੈਦਾਨ 'ਚ ਨਿੱਤਰ ਹੀ ਆਉਣ।

Editorial
Jaspal Singh Heran

International