ਕਾਂਗਰਸ ਦੇ ਸੂਬਾ ਪ੍ਰਧਾਨ ਜਾਖੜ ਨੇ ਫ਼ਿਰ ਕੀਤਾ ਆਪਣੀ ਸਰਕਾਰ ਤੇ ਹਮਲਾ

ਪੰਜਾਬ ਪੁਲਿਸ ਤਾਂ ਨੀਲੀ ਪੱਗ ਵਾਲੀ :ਜਾਖੜ

ਚੰਡੀਗੜ੍ਹ 26 ਸਤੰਬਰ (ਪ.ਬ.): ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਪੰਜਾਬ ਸਰਕਾਰ ਦਰਮਿਆਨ ਤਣ ਗਈ ਹੈ। ਅਸਲ ਵਿਚ ਸੂਬਾ ਪ੍ਰਧਾਨ ਸੁਨੀਲ ਜਾਖੜ ਆਪਣੀ ਹੀ ਸਰਕਾਰ ਦੀ ਕਾਰਜਪ੍ਰਣਾਲੀ ਤੋਂ ਸੰਤੁਸ਼ਟ ਨਜ਼ਰ ਨਹੀਂ ਆ ਰਹੇ। ਇਸ ਲਈ ਨਾ ਸਿਰਫ ਉਨ੍ਹਾਂ ਆਪਣੀ ਹੀ ਸਰਕਾਰ ਦੀਆਂ ਖਾਮੀਆਂ ਗਿਣਾਈਆਂ ਸਗੋਂ ਸਰਕਾਰ ਦੇ ਕੰਮਕਾਜ ਦੇ ਢੰਗ ਨੂੰ ਲੈ ਕੇ ਵੀ ਕਾਫੀ ਵਰ੍ਹੇ। ਸੁਨੀਲ ਜਾਖੜ ਇਕ ਚੈਨਲ 'ਤੇ ਬਤੌਰ ਮੁੱਖ ਮਹਿਮਾਨ ਪਹੁੰਚੇ ਸਨ। ਉਥੇ ਬੋਲਦਿਆਂ ਉਨ੍ਹਾਂ ਨਾ ਸਿਰਫ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਪ੍ਰਣਾਲੀ 'ਤੇ ਸਵਾਲ ਖੜ੍ਹੇ ਕੀਤੇ, ਸਗੋਂ ਪੰਜਾਬ ਪੁਲਸ ਨੂੰ ਸਿੱਧੇ ਤੌਰ 'ਤੇ ਨੀਲੀ ਪਗੜੀ ਵਾਲੇ ਕਰਾਰ ਦਿੱਤਾ। ਟਰਾਂਸਪੋਰਟ ਅਤੇ ਕੇਬਲ ਮਾਫੀਆ ਦੇ ਸਵਾਲ 'ਤੇ ਉਨ੍ਹਾਂ ਆਪਣੀ ਸਰਕਾਰ ਨੂੰ ਪੂਰੀ ਤਰ੍ਹਾਂ ਫੇਲ ਕਰਾਰ ਦਿੱਤਾ।

ਸਵਾਲਾਂ ਦਾ ਜਵਾਬ ਦਿੰਦਿਆਂ ਸੁਨੀਲ ਜਾਖੜ ਨੇ ਵਿਰੋਧੀ ਧਿਰ 'ਤੇ ਹਮਲਾ ਕਰਨ ਦੀ ਬਜਾਏ ਆਪਣੀ ਹੀ ਸਰਕਾਰ 'ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਭਾਵੇਂ ਕਾਂਗਰਸ ਨੂੰ ਸੱਤਾ ਵਿਚ ਆਏ 18 ਮਹੀਨੇ ਹੋ ਗਏ ਹਨ ਪਰ ਇਹ ਮਾਫੀਆ ਅੱਜ ਵੀ ਬਰਕਰਾਰ ਹੈ ਅਤੇ ਆਪਣਾ ਕੰਮ  ਬਾਖੂਬੀ ਕਰ ਰਿਹਾ ਹੈ। ਜਿਸ ਨਸ਼ੇ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਸੱਤਾ ਵਿਚ ਆਈ ਸੀ ਉਸ ਮੁੱਦੇ 'ਤੇ ਵੀ ਜਾਖੜ ਨੇ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਡਾਕਟਰਾਂ ਦੀ ਬੇਹੱਦ ਘਾਟ ਹੈ ਅਤੇ ਅਜਿਹੀ ਸਥਿਤੀ ਵਿਚ ਨਸ਼ੇ ਵਿਚ ਡੁੱਬੇ ਨੌਜਵਾਨਾਂ ਦਾ ਇਲਾਜ ਕਿੱਥੇ ਹੋਵੇਗਾ। ਜੇਕਰ ਸਰਕਾਰ ਕੋਲ ਡਾਕਟਰ ਹੋਣਗੇ ਤਾਂ ਹੀ ਨੌਜਵਾਨਾਂ ਦਾ ਇਲਾਜ ਹੋਵੇਗਾ। ਭਾਵ ਸਰਕਾਰ ਦੇ ਡੀ ਅਡਿਕਸ਼ਨ ਸੈਂਟਰਾਂ ਦੀ ਕਾਰਜ ਪ੍ਰਣਾਲੀ ਨੂੰ ਸੂਬਾ ਕਾਂਗਰਸ ਪ੍ਰਧਾਨ ਨੇ ਪੂਰੀ ਤਰ੍ਹਾਂ ਘੇਰੇ ਵਿਚ ਲੈ ਲਿਆ। ਉਨ੍ਹਾਂ ਮੰਨਿਆ ਕਿ ਸਰਕਾਰ ਨਸ਼ੇੜੀਆਂ ਦਾ ਸਹੀ ਢੰਗ ਨਾਲ ਇਲਾਜ ਕਰਨ ਵਿਚ ਅਸਫਲ ਰਹੀ ਹੈ।

Unusual
Sunil Jakhar
Punjab Congress
Capt Amarinder Singh
Punjab Police

International