ਰੈਲੀ ਖੇਡ 'ਚੋਂ ਕੀ ਲੱਭੂ...?

ਜਸਪਾਲ ਸਿੰਘ ਹੇਰਾਂ
ਪੰਜਾਬ 'ਚ ਇਸ ਸਮੇਂ 7 ਅਕਤੂਬਰ ਦੀਆਂ ਰੈਲੀਆਂ ਨੂੰ ਲੈ ਕੇ ਸਾਰੀਆਂ ਧਿਰਾਂ ਪੱਬਾਂ ਭਾਰ ਹਨ। ਇੱਕ ਪਾਸੇ ਜਦੋਂ ਲਗਭਗ ਸਮੁੱਚਾ ਸਿੱਖ ਪੰਥ ਤੇ ਪੰਜਾਬ, ਗੁਰੂ ਸਾਹਿਬ ਦੀਆਂ ਬੇਅਦਬੀ ਨੂੰ ਲੈ ਕੇ ਰੋਸ ਨਾਲ ਭਰਿਆ ਹੋਇਆ ਹੈ ਅਤੇ ਪੂਰੀ ਤਰ੍ਹਾਂ ਬਰਗਾੜੀ ਮੋਰਚੇ ਨਾਲ ਜੁੜ ਚੁੱਕਾ ਹੈ। ਉਸ  ਲਈ ਕਰੋ ਜਾਂ ਮਰੋ ਬਰਗਾੜੀ ਬਣ ਗਿਆ ਹੈ। ਉਸ ਸਮੇਂ ਗੁਰੂ ਸਾਹਿਬ ਦੀ ਬੇਅਦਬੀ ਕਾਂਡ ਨੂੰ ਸਰਪ੍ਰਸਤੀ ਦੇਣ ਵਾਲੇ ਬਾਦਲਾਂ  ਜਿੰਨ੍ਹਾਂ ਨੂੰ ਪੰਥ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਪੰਜਾਬ ਦੇ ਵੋਟਰਾਂ ਨੇ ਰੱਦ ਕਰ ਦਿੱਤਾ ਹੈ, ਉਹ ਵਾਪਸੀ ਲਈ ਤਰਲੋਮੱਛੀ ਹੋ ਰਹੇ ਹਨ ਅਤੇ ਨਾਲ ਹੀ ਪਾਰਟੀ 'ਚ ਕਿਸੇ ਸਮੇਂ ਧਮਾਕਾ ਹੋ ਸਕਦਾ ਹੈ, ਉਹ ਵਾਪਸੀ ਲਈ ਕਿ ਪਾਰਟੀ 'ਚ ਧਮਾਕੇ ਨੂੰ ਰੋਕਣ ਲਈ ਰੈਲੀਆਂ ਦਾ ਸਹਾਰਾ ਲੈਣ ਤੁਰੇ ਹੋਏ ਹਨ। ਕੀ ਬਜ਼ੁਰਗ ਬਾਦਲ ਨੂੰ ਇਹ ਅਹਿਸਾਸ ਨਹੀ ਕਿ ਵਾਪਸੀ ਸਿਰਫ ਤੇ ਸਿਰਫ਼ ਬੇਅਦਬੀ ਕਾਂਡ ਦੇ ਪਾਪ ਦੀ ਮਾਫ਼ੀ ਤੇ ਪਸ਼ਚਾਤਾਪ ਰਾਂਹੀ ਹੀ ਮਿਲ ਸਕਦੀ ਹੈ। 20-30 ਹਜ਼ਾਰ ਦਾ ਇਕੱਠ, ਸਮੁੱਚਾ ਪੰਜਾਬ ਨਹੀਂ ਬਣਦਾ, ਇੱਕਠ ਤਾਂ ਸੌਦਾ ਸਾਧ ਵੀ ਲੱਖਾਂ 'ਚ ਕਰ ਲੈਦਾ ਸੀ, ਢਾਈ ਕਰੋੜ ਦੀ ਅਬਾਦੀ 'ਚ 50 ਹਜ਼ਾਰ ਸਿਰਫ 0.02 ਫੀਸਦੀ ਬਣਦਾ ਹੈ। ਦੂਜੇ ਪਾਸੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਸਿੱਖ ਦੇ ਮਨ 'ਚ ਬਰਗਾੜੀ ਵੱਸ ਚੁੱਕੀ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਜੇ ਉਹ ਬਰਗਾੜੀ ਹੀ ਨਹੀ ਗਿਆ ਤਾਂ ਉਸਦਾ ਜੀਵਨ ਅਧੂਰਾ ਹੈ। ਕੀ ਰੈਲੀਆਂ ਦਾ ਇਕੱਠ ਇਸ ਭਾਵਨਾ ਦਾ ਮੁਕਾਬਲਾ ਕਰ ਸਕੇਗਾ? ਪੰਜਾਬ ਦੇ ਕਣ-ਕਣ  'ਚ ਬਰਗਾੜੀ ਧੜਕਣ ਲੱਗ ਪਿਆ ਹੈ, ਫ਼ਿਰ ਬਾਦਲਕਿਆਂ ਦੀ ਹੋਂਦ ਨੂੰ ਕਿਹੜਾ ਇਕੱਠ ਤੇ ਕਿਹੜੀ ਰੈਲੀ ਬਚਾਅ ਸਕੇਗੀ।

ਅੱਜ ਰੈਲੀਆਂ ਨੂੰ ਇੱਕ ਪਾਸੇ ਛੱਡ ਕੇ ਜੇ ਬਾਦਲਕੇ ਅਹਿਮ ਤੋਂ ਅਹਿਮ, ਗੰਭੀਰ ਤੋਂ ਗੰਭੀਰ ਮੁੱਦੇ ਦੇ ਮੁੱਦਈ ਬਣ ਜਾਣ ਤਾਂ ਵੀ ਕਿਸੇ ਨੇ ਉਨ੍ਹਾਂ ਨੂੰ ਮੂੰਹ ਨਹੀਂ ਲਾਉਣਾ। ਅਸੀਂ ਪਹਿਲਾ ਵੀ ਲਿਖਿਆ ਸੀ ਕਿ ਬਾਦਲਕੇ ਹੁਣ ਰੱਬ ਦੀ ਮਾਰ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਸਿਰਫ਼ ਗੁਰੂ ਹੀ ਬਹੁੜੀ ਕਰ ਸਕਦਾ ਹੈ। ਉਸ ਲਈ ਸੱਚੇ ਮਨ ਨਾਲ ਪਸ਼ਚਾਤਾਪ ਕਰਨਾ ਪਵੇਗਾ। ਪ੍ਰੰਤੂ ਬਾਦਲਾਂ ਦਾ ਹੰਕਾਰ, ਸੌਦਾ ਸਾਧ ਦੇ ਚੇਲਿਆ ਦੀ ਯਾਰੀ ਸਿਰ ਚੜ ਕੇ ਬੋਲ ਰਹੀ ਹੈ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਬਰਗਾੜੀ ਮੋਰਚਾ ਨੂੰ ਢਾਹ ਲਾ ਲੈਣਗੇ ਨਹੀ ਤਾਂ ਤਾਰਪੀਛੋ ਜ਼ਰੂਰ ਕਰ ਦੇਣਗੇ। ਗੁਰੂ ਦੇ ਕੌਤਕ ਦਾ , ਇੰਨ੍ਹਾਂ ਨੂੰ ਕੋਈ ਅਹਿਸਾਸ ਹੀ ਨਹੀ। ਦੂਜੇ ਪਾਸੇ ਸੱਤਾਧਾਰੀ ਧਿਰ ਕਾਂਗਰਸ ਹੈ, ਉਸ ਦਾ ਕਪਤਾਨ ਜਿੱਥੇ ਇੱਕ ਪਾਸੇ ਬਾਦਲਾਂ ਨਾਲ ''ਲੁੱਕਣਮੀਟੀ'' ਵਾਲੀ ਖੇਡ,ਖੇਡ ਰਿਹਾ ਹੈ। ਉਹ ਸੱਤਾ ਤੇ ਕਾਬਜ਼ ਹਨ, ਉਸਦੇ ਜ਼ਿੰਮੇ ਪੰਜਾਬ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਹੈ। ਪ੍ਰੰਤੂ ਕਪਤਾਨ ਸਾਬ੍ਹ! ਉਸ ਜ਼ਿੰਮੇਵਾਰੀ ਨੂੰ ਛੱਡ ਕੇ  ਰੈਲੀਆਂ ਦੇ ਚੱਕਰ 'ਚ ਪੈ ਗਏ ਹਨ। ਸੱਤਾਧਾਰੀ ਲਈ 10-20 ਹਜ਼ਾਰ ਦਾ ਇਕੱਠ ਕਰਨਾ ਕੋਈ ਅਹਿਮੀਅਤ ਨਹੀ ਰੱਖਦਾ। ਹਰ ਕੋਈ ਜਾਣਦਾ ਹੈ ਕਿ ਅੱਜ ਲੋਕ ਗਰਜਾਂ ਨਾਲ ਬੱਝੇ ਹਨ। ਸੱਤਾਧਾਰੀਆਂ ਤੱਕ ਉਨ੍ਹਾਂ ਦੀਆਂ 100 ਗਰਜਾਂ ਹੁੰਦੀਆਂ ਹਨ। ਜਿਸ ਕਾਰਣ ਉਨ੍ਹਾਂ ਨੂੰ ਰੈਲੀ 'ਚ ਮਜ਼ਬੂਰੀ ਵੱਸ ਵੀ ਜਾਣਾ ਪੈ ਸਕਦਾ ਹੈ। ਜਦੋਂ ਪੰਜ ਸਾਲ ਬਾਅਦ ਲੇਖੇ ਜੋਖੇ ਦਾ ਦਿਨ ਆਉਣਾ ਹੈ ਉਦੋਂ ਕਿਸੇ ਨੇ ਨਹੀ ਪੁੱਛਣਾ ਕਿ ਪਿਛਲੇ 5 ਸਾਲ 'ਚ ਕਿੰਨੀਆਂ ਰੈਲੀਆ ਕੀਤੀਆਂ ਸਨ, ਉਦੋ ਪੁੱਛਿਆ ਜਾਣਾ ਹੈ ਕਿ ਪੰਜ ਸਾਲ 'ਚ ਕੀਤਾ ਕੀ? ਅੱਜ ਲੋੜ ਹੈ ਪੰਜਾਬ ਦੇ ਪ੍ਰਸ਼ਾਸਨ ਨੂੰ ਚੁਸਤ ਦਰੁੱਸਤ ਕਰਨ ਦੀ, ਅੱਜ ਲੋੜ ਹੈ ਮੰਡੀਆਂ ਦੇ ਪ੍ਰਬੰਧ ਵੇਖਣ ਲਈ, ਤਾਂ ਕਿ ਕਿਸਾਨਾਂ ਨੂੰ ਜਿਹੜੇ ਪਹਿਲਾ ਹੀ ਕੁਦਰਤ ਦੇ ਸਤਾਏ ਹੋਏ ਹਨ, ਮੰਡੀਆਂ  'ਚ ਰੁਲਣਾ ਨਾ ਪਵੇ। ਪ੍ਰੰਤੂ ਕੈਪਟਨ ਸਾਬ੍ਹ, ਰੈਲੀਆਂ 'ਚ ਰੁੱਝੇ ਪਏ ਹਨ। ਰੈਲੀ ਤਾਂ ਸਿਰਫ਼ ਇੱਕ ਦਿਨ ਦੀ ਸਵੇਰ ਦੀ ਅਖਬਾਰਾਂ ਦੀ ਵੱਡੀ ਸੁਰਖੀ ਬਣਦੀ ਹੈ ਉਸ ਤੋਂ ਬਾਅਦ ਸਭ ਕੁਝ ਭੁੱਲ ਵਿਸਰ ਜਾਣਾ ਹੈ। ਯਾਦ ਰਹਿੰਦਾ ਹੈ ਤਾਂ ਸਰਕਾਰ ਵੱਲੋਂ ਮੰਡੀਆਂ 'ਚ ਝੱਟ ਪੱਟ ਖਰੀਦਿਆ ਝੋਨਾ ਤੇ ਝੱਟਪੱਟ ਹੋਈ ਉਸ ਦੀ  ਅਦਾਇਗੀ ਤੇ ਝੱਟਪਟ ਹੋਈ ਲਿਫਟਿੰਗ।

ਅੱਜ ਵੀ 12 ਸਾਲ  ਪਹਿਲਾਂ ਆਪਣੇ ਰਾਜ ਭਾਗ 'ਚ ਮੰਡੀਆਂ 'ਚ ਕਿਸਾਨ ਦੀ ਸੰਭਾਲੀ ਜਿਣਸ ਤੇ ਸਮੇਂ ਸਿਰ ਦਿੱਤੀ ਗਈ ਬਿਜਲੀ ਸਪਲਾਈ ਕਰਕੇ ਕੈਪਟਨ ਨੂੰ ਲੋਕ ਯਾਦ ਕਰਦੇ ਹਨ। ਕਿਸੇ ਰੈਲੀ ਕਰਕੇ ਨਹੀਂ। ਅਸੀਂ ਸਮਝਦੇ ਹਾਂ ਕਿ ਚੋਣ ਪ੍ਰਚਾਰ ਦੇ ਦਿਨਾਂ ਤੋਂ ਬਿਨਾਂ ਸਰਕਾਰ ਵੱਲੋਂ ਰੈਲੀਆਂ ਕਰਨਾ, ਆਪਣੇ ਫਰਜ਼ਾਂ ਤੋਂ ਕੁਤਾਹੀ ਕਰਨਾ, ਪੈਸੇ ਤੇ ਸਮੇਂ ਨੂੰ ਬਰਬਾਦ ਕਰਨਾ ਹੈ। ਨਾਲੇ ਜਿਹੜੇ ਬਾਦਲਕਿਆਂ ਨੂੰ ਪੰਜਾਬ ਦੇ ਲੋਕ ਹੀ ਨਕਾਰ ਚੁੱਕੇ ਹਨ, ਕਾਂਗਰਸ  ਦੀ ਰੈਲੀ ਉਸ ਤੋਂ ਵੱਧ ਕੀ ਕਰੂੰਗੀ? ਤੀਜੇ ਬਰਗਾੜੀ ਦੀ ਧਰਤੀ ਤੇ ਗੁਰੂ ਦੀ ਬੇਅਦਬੀ ਵਿਰੁੱਧ ਇੱਕ ਰੋਸ ਰੈਲੀ ਕੀਤੀ ਜਾ ਰਹੀ ਹੈ, ਸੱਦਾ ਭਾਵੇਂ ਖੈਹਿਰਾ ਐਂਡ ਪਾਰਟੀ ਨੇ ਦਿੱਤਾ ਹੈ, ਪ੍ਰੰਤੂ ਇਸ ਰੈਲੀ 'ਚ ਆਪ ਮੁਹਾਰਾ ਇਕੱਠ ਗੁਰੂ ਦੇ ਨਾਮ ਤੇ ਅਤੇ ਬਾਦਲਕਿਆਂ ਤੇ ਕੈਪਟਨਕਿਆਂ ਦੇ ਵਿਰੋਧ ਤੇ ਰੋਸ 'ਚ ਹੋਣਾ ਹੈ। ਇਹ ਇਕੱਠ ਕਿਸੇ ਵਿਅਕਤੀ ਵਿਸ਼ੇਸ ਕਰਕੇ ਨਹੀ, ਸਗੋਂ ਸਿਰਫ਼ ਗੁਰੂ ਦੇ ਨਾਮ ਤੇ  ਆਪ ਮੁਹਾਰਾ ਹੋਣਾ ਹੈ। ਆਪਣੇ ਆਪ ਹੀ ਗੁਰੂ ਦੇ ਦੋਖੀਆਂ ਤੇ ਗੁਰੂ ਨੂੰ ਸਮਰਪਿਤ ਸਿੱਖਾਂ 'ਚ ਇੱਕ ਮੁਕਾਬਲਾ ਬਣ ਗਿਆ ਹੈ। ਗੁਰੂ ਸਾਹਿਬ ਦੇ ਬੇਦਅਬੀ ਕਾਂਡ ਕਾਰਣ, ਬਰਗਾੜੀ ਸਿੱਖਾਂ ਦੇ ਮਨ 'ਚ ਡੂੰਘੀ ਬੈਠ ਗਈ ਹੈ, ਇਸ ਲਈ ਇਸ ਰੈਲੀ ਦੇ ਪ੍ਰਬੰਧਕ ਵੀ ਕੋਈ ਭੁਲੇਖਾ ਨਾ ਪਾਲ ਬੈਠਣ, ਬਰਗਾੜੀ ਦਾ ਇਕੱਠ ਸਿਰਫ਼ ਤੇ ਸਿਰਫ਼ ਗੁਰੂ ਦੇ ਨਾਮ ਤੇ ਆਮ ਮੁਹਾਰਾ ਹੋਣਾ ਹੈ। ਅਸੀਂ 7 ਅਕਤੂਬਰ ਨੂੰ ਰੈਲੀ ਮੈਚ ਖੇਡਣ ਵਾਲੀਆਂ ਸਿਆਸੀ ਧਿਰਾਂ ਨੂੰ ਇਹ ਜ਼ਰੂਰ ਆਖਾਂਗੇ ਕਿ ਲੋਕਾਂ ਲਈ ਕੁੱਝ ਕਰੋ, ਰੈਲੀਆਂ ਦਾ ਖਹਿੜਾ ਛੱਡੋ। ਫ਼ੈਸਲਾ ਤੁਹਾਡੇ ਕਰਮਾਂ ਨੇ ਕਰਨਾ ਹੈ, ਸ਼ੋਸ਼ੇਬਾਜੀ ਨੇ ਨਹੀ!

Editorial
Jaspal Singh Heran

International