ਭਾਈ ਜਿੰਦੇ ਤੇ ਸੁੱਖੇ ਦੀ ਸ਼ਹਾਦਤ ਨੂੰ ਯਾਦ ਕਰਦਿਆਂ...

ਜਸਪਾਲ ਸਿੰਘ ਹੇਰਾਂ
ਕਲਗੀਧਰ ਪਿਤਾ ਨੇ ਖਾਲਸੇ ਦੀ ਨਿਆਰੀ ਹੋਂਦ ਇਸ ਧਰਤੀ ਤੇ ਹੁੰਦੇ ਜ਼ੋਰ-ਜ਼ਬਰ ਦੇ ਖਾਤਮੇ ਲਈ ਸਿਰਜੀ ਸੀ। ਇਹ ਅਜਿਹੀ ਜਿਊਂਦੀ ਜਾਗਦੀ ਕੌਮ ਹੈ, ਜਿਸਨੇ ਅਥਾਹ ਕੁਰਬਾਨੀਆਂ ਦੇ ਕੇ, ਧਰਤੀ ਦੇ ਇਤਿਹਾਸ 'ਚ ਹੱਕ-ਸੱਚ ਤੇ ਇਨਸਾਫ਼ ਦੀ ਜੰਗ ਦਾ ਇੱਕ ਸੁਨਿਹਰੀ ਪੰਨਾ ਸਿਰਜਣ ਦੇ ਨਾਲ-ਨਾਲ ਦੁਨੀਆ ਨੂੰ 'ਸੰਤ-ਸਿਪਾਹੀ' ਦੀ ਨਵੀਂ ਤਰਜ਼-ਏ-ਜ਼ਿੰਦਗੀ ਦੇ ਰੂ-ਬ-ਰੂ ਵੀ ਕਰਵਾਇਆ। ਅਧਿਆਤਮਕ ਬੁਲੰਦੀਆਂ ਤੇ ਪੁੱਜ ਕੇ ਸੰਸਾਰਕ ਔਕੜਾਂ ਸਾਹਮਣੇ ਖਿੜ੍ਹੇ ਰਹਿਣ ਦੀ ਜਾਂਚ ਸਿਖਾਈ। ਇਸੇ ਕਾਰਨ 'ਸਿੱਖੀ ਵਾਲਹੁ ਨਿੱਕੀ, ਖੰਨਿਓ ਤਿੱਖੀ' ਹੋ ਨਿਬੜੀ। ਸਿੱਖ ਇਤਿਹਾਸ ਦੀ ਇਕ ਤੋਂ ਬਾਅਦ ਇਕ ਕੁਰਬਾਨੀ ਆਪਣੇ ਆਪ 'ਚ ਇਤਿਹਾਸ ਹੈ, ਕੁਰਬਾਨੀ ਦੀ ਅਨੋਖੀ ਗਾਥਾ, ਸੱਚ ਦੀ ਝੂਠ ਤੇ ਜਿੱਤ ਹੈ, ਜੁਲਮੀ ਪੰਜਿਆਂ ਅੱਗੇ ਨਿੱਡਰਤਾ ਦੀ ਬੇਮਸ਼ਾਲ ਮਿਸ਼ਾਲ ਹੈ, ਇਸ ਲਈ ਹਰ ਸ਼ਹਾਦਤ ਮਹਾਨ ਅਰਥਾਂ ਵਾਲੀ ਹੈ। ਪ੍ਰੰਤੂ ਅੱਜ ਅਸੀਂ ਜਿਸ ਸ਼ਹਾਦਤ ਦਾ ਜ਼ਿਕਰ ਕਰ ਰਹੇ ਹਾਂ, ਜਿਹੜੀ 9 ਅਕਤੂਬਰ ਨਾਲ ਸਬੰਧਿਤ ਹੈ, ਉਹ ਸਿੱਖੀ ਦੇ ਸਵੈਮਾਣ ਦੀ ਰਾਖੀ ਲਈ, ਨਿੱਡਰਤਾ ਨਾਲ ਰਚਿਆ ਗਿਆ ਆਧੁਨਿਕ ਪੰਨਾ ਹੈ। ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ, ਜਿਨ੍ਹਾਂ ਨੂੰ ਸਮੁੱਚਾ ਪੰਥ, ਪਿਆਰ-ਲਾਡ ਨਾਲ ਜਿੰਦੇ-ਸੁੱਖੇ ਵਜੋਂ ਯਾਦ ਕਰਕੇ, ਸੁਭਾਵਿਕ ਰੂਪ 'ਚ ਕੌਮ ਦੇ 'ਅਣਖੀਲੇ ਪੁੱਤਰ' ਮੰਨ ਚੁੱਕਿਆ ਹੈ, ਇਨ੍ਹਾਂ ਦੋਹਾਂ ਮਹਾਨ ਯੋਧਿਆਂ ਨੇ ਆਧੁਨਿਕ ਸਮੇਂ 'ਚ ਸਿੱਖੀ ਦੀ ਸ਼ਹਾਦਤਾਂ ਵਾਲੀ ਮਹਾਨ ਪ੍ਰੰਪਰਾ ਤੇ ਕੌਮ ਦੇ ਸਵੈਮਾਣ ਦੀ ਰਾਖੀ ਲਈ ਖਿੜ੍ਹੇ ਮੱਥੇ ਫਾਂਸੀ ਦੇ ਰੱਸੇ ਨੂੰ ਚੁੰਮ ਕੇ 'ਸ਼ਹੀਦੀ ਗਾਥਾ ਦਾ ਰੰਗਲਾ ਗੀਤ' ਕੌਮ ਦੇ ਬੁੱਲ੍ਹਾਂ ਨੂੰ ਸਦੀਵੀਂ ਕਾਲ ਤੱਕ ਗਾਉਣ ਲਈ ਰਚ ਦਿੱਤਾ।

ਸ੍ਰੀ ਦਰਬਾਰ ਸਾਹਿਬ ਤੇ ਹਮਲਾ, ਭਾਰਤੀ ਹਕੂਮਤ ਦਾ ਸਿੱਖਾਂ ਦੇ ਸਵੈਮਾਣ ਨੂੰ ਸਦਾ-ਸਦਾ ਲਈ ਕੁਚਲਣ ਲਈ ਗਹਿਰੀ ਸਾਜ਼ਿਸ ਦਾ ਨਤੀਜਾ ਸੀ। ਇਸ ਭਿਆਨਕ ਸਾਕੇ ਤੋਂ ਬਾਅਦ ਦੁਨੀਆ ਨੂੰ ਇਹ ਵਿਖਾਉਣ ਲਈ ਕਿ ਕੌਮ ਕਿਸੇ ਜ਼ਾਲਮ ਅੱਗੇ ਹਾਰੀ ਨਹੀਂ, ਉਹ ਆਪਣੇ ਸਵੈਮਾਣ ਤੇ ਹੋਏ ਹਮਲਾ ਦਾ ਮੂੰਹ ਤੋੜ੍ਹਵਾ ਜਵਾਬ ਦੇਣ ਦੇ ਸਮਰੱਥ ਹੈ, ਭਾਈ ਜ਼ਿੰਦੇ ਤੇ ਭਾਈ ਸੁੱਖੇ ਵੱਲੋਂ ਜਿਹੜਾ ਬਹਾਦਰੀ ਤੇ ਗੈਰਤ ਭਰਿਆ ਕਦਮ ਚੁੱਕਿਆ ਗਿਆ, ਅਤੇ ਉਸ ਤੋਂ ਬਾਅਦ ਜਿਸ ਦਲੇਰੀ, ਨਿੱਡਰਤਾ ਨਾਲ ਭਰੀ ਅਦਾਲਤ 'ਚ ਆਪਣੇ ਵੱਲੋਂ ਸਿਰੇ ਚਾੜ੍ਹੇ ਕਾਂਡ ਨੂੰ ਪ੍ਰਵਾਨ ਕੀਤਾ ਗਿਆ, ਭਾਰਤ ਦੇ ਰਾਸ਼ਟਰਪਤੀ ਨੂੰ ਸੱਚ ਬਿਆਨ ਦੀ ਦਲੇਰੀ ਭਰੀ ਚਿੱਠੀ ਲਿਖੀ, ਉਸਨੇ ਸਿੱਖੀ ਦੇ ਮਹਾਨ ਵਿਰਸੇ ਤੇ ਸ਼ਹੀਦੀ ਪ੍ਰੰਪਰਾਵਾਂ ਨੂੰ ਹੋਰ ਉਚਾਈ ਬਖ਼ਸੀ। ਜਿਹੜੀ ਕੌਮ 'ਚੋਂ ਗੈਰਤ, ਅਣਖ, ਨਿਡਰਤਾ ਬਹਾਦਰੀ ਅਤੇ ਸੱਚ ਤੇ ਪਹਿਰਾ ਦੇਣ ਦੀ ਸਮਰੱਥਾ ਮੁੱਕ ਜਾਂਦੀ ਹੈ, ਉਹ ਕੌਮ ਫਿਰ ਬਹੁਤ ਸਮਾਂ ਇਸ ਧਰਤੀ ਤੇ ਜਿਊਂਦੀ ਨਹੀਂ ਰਹਿੰਦੀ, ਭਾਈ ਜਿੰਦੇ ਤੇ ਸੁੱਖੇ ਦੀ ਸ਼ਹਾਦਤ ਨੇ ਕੌਮ ਦੀ ਜ਼ਮੀਰ ਵਾਲੇ ਦੀਵੇ 'ਚ ਅਣਖ਼ ਤੇ ਗੈਰਤ ਦਾ ਤੇਲ ਪਾ ਕੇ, ਇਸ ਦੀ ਲੋਅ ਨੂੰ ਹੋਰ ਰੁਸ਼ਨਾਉਣ ਦਾ ਯਤਨ ਕੀਤਾ ਸੀ, ਪ੍ਰੰਤੂ ਅੱਜ ਜਿਸ ਤਰ੍ਹਾਂ ਕੌਮ, ਸਵੈਮਾਣ ਦੀ ਰਾਖੀ ਕਰਨੀ ਭੁੱਲ ਰਹੀ ਹੈ, ਉਸ ਕਾਰਨ ਆਏ ਦਿਨ ਕੌਮ ਨੂੰ ਜਲਾਲਤ ਝੱਲਣੀ ਪੈ ਰਹੀ ਅਤੇ ਜੇ ਸੁਆਰਥ ਤੇ ਪਦਾਰਥ 'ਚ ਗ਼ਲਤਾਨ ਕੌਮ ਆਪਣੇ ਮਹਾਨ ਵਿਰਸੇ ਦੀ ਪੈੜ੍ਹ ਨੂੰ ਹੀ ਛੱਡ ਕੇ 'ਗੀਦੀਆ' ਦੇ ਰਾਹ ਤੁਰ ਪਏ ਤਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਿਰਫ ਸਾਲ 'ਚ ਇੱਕ ਵਾਰ ਯਾਦ ਕਰ ਲੈਣ ਦਾ ਕੋਈ ਲਾਹਾ ਨਹੀਂ ਹੋਣ ਵਾਲਾ, ਕਿਉਂਕਿ ਇਸ ਨਾਲ ਨਿਘਾਰ ਨੂੰ ਰੋਕਿਆ ਨਹੀਂ ਜਾ ਸਕੇਗਾ। ਅੱਜ ਦੇ ਦਿਨ ਸਾਨੂੰ ਭਾਈ ਜਿੰਦੇ ਤੇ ਸੁੱਖੇ ਦੀ ਸੋਚ, ਜੀਵਨ ਸ਼ੈਲੀ, ਕੌਮੀ ਦਰਦ ਅਤੇ ਗੁਰੂ ਪ੍ਰਤੀ ਸਮਰਪਿਤ ਭਾਵਨਾ, ਬਾਰੇ ਇੱਕ ਵਾਰ ਆਪਣੀਆਂ ਯਾਦਾਂ ਦੀ ਪਟਾਰੀ ਨੂੰ ਜ਼ਰੂਰ ਖੋਲ੍ਹ ਲੈਣਾ ਚਾਹੀਦਾ ਹੈ। ਅਸੀਂ ਭਾਈ ਜਿੰਦੇ ਤੇ ਸੁੱਖੇ ਦੇ ਉਨ੍ਹਾਂ ਸ਼ਬਦਾਂ ਨੂੰ ਜਿਹੜੇ ਸਿੱਖੀ ਸੋਚ ਦਾ ਸਿਖ਼ਰ ਹਨ, ਆਪਣੇ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ ਤਾਂ ਕਿ ਉਨ੍ਹਾਂ ਮਹਾਨ ਸ਼ਹੀਦਾਂ ਦੀ ਸੋਚ ਪ੍ਰਤੀ ਸਾਡੀ ਨਵੀਂ ਪੀੜ੍ਹੀ ਵੀ ਥੋੜ੍ਹਾ-ਬਹੁਤਾ ਜਾਣੂ ਹੋ ਸਕੇ, ''ਸਾਡੀ ਲੜਾਈ ਕਿਸੇ ਧਰਮ ਜਾਂ ਜਾਤੀ ਦੇ ਖਿਲਾਫ਼ ਨਹੀਂ। ਅਸੀਂ ਹੱਕ, ਇਨਸਾਫ਼, ਸੱਚ ਲਈ ਤੇ ਜ਼ੁਲਮ ਦੇ ਖਿਲਾਫ ਲੜਾਈ ਲੜ ਰਹੇ ਹਾਂ। ਸਰਕਾਰ ਇਸ ਨੂੰ ਗੁਨਾਹ ਸਮਝਦੀ ਹੈ। ਅੱਤਵਾਦੀ ਤੇ ਵੱਖਵਾਦੀ ਕਹਿ ਕੇ ਸਿੱਖਾਂ ਨੂੰ ਬਦਨਾਮ ਕਰ ਰਹੀ ਹੈ, ਹਾਲਾਂ ਕਿ ਸਰਕਾਰ ਖ਼ੁਦ ਦਹਿਸ਼ਤਪਸੰਦ ਹੈ।

ਸਰਕਾਰ ਨੇ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹਜ਼ਾਰਾਂ ਸਿੱਖਾਂ ਨੂੰ ਮਾਰਿਆ ਤੇ ਮਰਵਾਇਆ। ਸਿੱਖਾਂ ਨੂੰ ਮਰਨ ਤੇ ਮਰਵਾਉਣ ਵਾਲੇ ਅਜਿਹੇ ਅਨਸਰਾਂ ਖਿਲਾਫ ਕਿਸੇ ਅਦਾਲਤ ਵਿੱਚ ਕੇਸ ਨਹੀਂ ਚੱਲਿਆ ਪਰ ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਨੂੰ ਫਾਂਸੀ ਚਾੜ੍ਹਿਆ ਗਿਆ ਹੈ। ਇਸ ਕਰਕੇ ਕਿਸੇ ਵਿਸ਼ੇਸ਼ ਵਰਗ ਦੀ ਥਾਂ ਸਾਡੀ ਲੜਾਈ ਦਿੱਲੀ ਦਰਬਾਰ ਨਾਲ ਹੈ। ਜਿਊਣਾ ਹਰ ਮਨੁੱਖ ਦੀ ਕੁਦਰਤੀ ਫਿਤਰਤ ਹੈ। ਇਹ ਸੱਚ ਹੈ। ਪਰ ਜ਼ਿੰਦਗੀ ਵਿੱਚ ਰੀਂਘਦੀ ਸਵੈਮਾਣ ਤੋਂ ਸੱਖਣੀ ਲੰਮੀ ਜ਼ਿੰਦਗੀ ਨਾਲੋਂ ਅਜਿਹੇ ਹਾਲਤ ਨੂੰ ਤਬਦੀਲ ਕਰਨ ਲਈ ਲੜਦਿਆਂ ਸਿਰ ਉਠਾ ਕੇ ਤੁਰਨ ਦੇ ਕੁਝ ਪਲ ਜਿਊਣਾ ਵੀ ਇਨਸਾਨੀ ਫਿਤਰਤ ਦਾ ਓਨਾ ਹੀ ਵੱਡਾ ਸੱਚ ਹੈ। ਅਸੀਂ ਇਉਂ ਮਹਿਸੂਸ ਕਰ ਰਹੇ ਹਾਂ ਜਿਵੇਂ ਸ਼ਹਾਦਤ ਜ਼ਿੰਦਗੀ ਦੇ ਕੁਝ ਡਰਾਂ, ਲਾਲਚਾਂ, ਸਰੀਰ ਦੀਆਂ ਅਸ਼ਲੀਲ ਭਾਵਨਾਵਾਂ ਦੇ ਤਿਆਗ ਦਾ ਨਾਂ ਹੈ। ਖਾਲਸੇ ਦੀ ਚੇਤਨਾ ਸ਼ਹਾਦਤ ਤੇ ਅਮਲ ਦੌਰਾਨ ਹੀ ਵੱਧ ਤੋਂ ਵੱਧ ਰੋਸ਼ਨ ਤੇ ਖਾਲਿਸ ਹੁੰਦੀ ਹੈ। ਅਸੀਂ ਸ਼ਹਾਦਤ ਦੇ ਰਹੇ ਹਾਂ ਜੋ ਖਾਲਸੇ ਦੀ ਕੁਦਰਤੀ ਮੌਲਿਕਤਾ, ਇਸ ਦੀ ਨਿਆਰੀ ਛੱਬ ਤੇ ਇਸ ਦਾ ਚਮਕਦਾ-ਦਮਕਦਾ ਚਿਹਰਾ ਮੁੜ ਆਪਣੇ ਜਾਹੋ-ਜਲਾਲ ਵਿੱਚ ਆ ਕੇ ਸੰਸਾਰ ਨੂੰ ਰੋਸ਼ਨ ਕਰੇ। ਸ਼ਹਾਦਤ ਦਾ ਵੀ ਇਕ ਆਪਣਾ ਹੀ ਨਿਰਾਲਾ ਸਵਾਦ ਹੁੰਦਾ ਹੈ। ਇਹ ਐਸਾ ਵਿਸਮਾਦ ਹੈ ਜੋ ਠੋਸ ਅਤੇ ਅਣਕਹੇ ਜਜ਼ਬਿਆਂ ਤੋਂ ਵੀ ਪਰੇ ਹੈ। ਸਾਡੀ ਕੌਮ ਨੂੰ ਆਖਣਾ ਕਿ ਉਹ ਉਦਾਸ ਨਾ ਹੋਏ, ਕਿਉਂਕਿ ਅਸੀਂ ਕਲਗੀਆਂ ਵਾਲੇ ਦੀ ਯਾਦ ਦਾ ਦਰਿਆ ਵਗਾ ਦਿੱਤਾ ਹੈ। ਆਖਣਾ ਕਿ ਦਸਮ ਪਾਤਸ਼ਾਹ ਦੀ ਮੁਹੱਬਤ ਦਾ ਚਸ਼ਮਾ ਫੁੱਟ ਚੁੱਕਾ ਹੈ ਤੇ ਅਸੀਂ ਸਾਬਤ ਸਿਦਕਵਾਨ ਹੋ ਕੇ ਕਿਸੇ ਅਦਿੱਖ ਸ਼ਾਂਤੀ ਦੀ ਸਹਿਜ ਵਿੱਚ ਮਕਤਲ ਵੱਲ ਜਾ ਰਹੇ ਹਾਂ। ਅਸੀਂ ਸਿਦਕ ਦੀ ਅਨੋਖੀ ਕਿਸ਼ਤੀ ਵਿੱਚ ਸਵਾਰ ਹਾਂ ਜਿੱਥੇ ਸਮੁੰਦਰ ਦੀਆਂ ਲਹਿਰਾਂ ਸਾਨੂੰ ਡੋਬਣ ਤੋਂ ਅਸਮਰਥ ਹਨ।'' ਅੱਜ ਸਾਡੀ ਨਵੀਂ ਪੀੜ੍ਹੀ ਜਿਹੜੀ ਦਿਸ਼ਾਹੀਣ ਹੋ ਕੇ ਆਪਣੀ ਦਸ਼ਾ ਵੀ ਗੁਆ ਚੁੱਕੀ ਹੈ, ਅਸੀਂ ਉਸਨੂੰ ਅਪੀਲ ਕਰਾਂਗੇ ਕਿ ਉਹ ਆਪਣੇ ਮਹਾਨ ਵਿਰਸੇ ਬਾਰੇ, ਜਿਸਦੇ ਉਹ ਵਾਰਿਸ ਹਨ, ਜ਼ਰੂਰ ਸੋਚ ਵਿਚਾਰ ਕਰਨ ਅਤੇ ਫਿਰ ਆਪਣੀ ਸਥਿੱਤੀ ਕਿ ਅੱਜ ਉਹ ਕਿੱਥੇ ਖੜ੍ਹੇ ਹਨ, ਉਸਦਾ ਮੁਲਾਂਕਣ ਕਰਨ ਉਸਤੋਂ ਬਾਅਦ ਜੇ ਉਨ੍ਹਾਂ ਦੀ ਆਤਮਾ ਜਾਗਦੀ ਹੈ, ਜ਼ਮੀਰ ਅੰਗੜਾਈ ਲੈਂਦੀ ਹੈ, ਕੌਮੀ ਜ਼ਜਬਾ ਉਛਲਦਾ ਹੈ ਤਾਂ ਉਨ੍ਹਾਂ ਨੂੰ ਸਿੱਖੀ ਵਿਰਸੇ ਦੇ ਸਹੀ ਵਾਰਿਸ ਬਣਨ ਦਾ ਰਾਹ ਖ਼ੁਦ ਹੀ ਲੱਭ ਪਵੇਗਾ। 

Editorial
Jaspal Singh Heran

International