ਸਾਬਕਾ ਮੰਤਰੀ ਮਲੂਕਾ ਵੱਲੋਂ ਪਹਿਰੇਦਾਰ ਖਿਲਾਫ਼ ਵਰਤੀ ਭੱਦੀ ਸ਼ਬਦਾਵਲੀ ਦਾ ਸਿੱਖ ਆਗੂਆਂ ਨੇ ਲਿਆ ਨੋਟਿਸ

ਬਾਦਲਕੇ ਮੀਡੀਆ ਨੂੰ ਧਮਕੀਆਂ ਦੇਣ ਦੀ ਬਜਾਏ ਬੇਅਦਬੀ ਘਟਨਾਵਾਂ ਦੀ ਮੰਗਣ ਮਾਫ਼ੀ : ਪੰਥਕ ਆਗੂ

ਬਠਿੰਡਾ 8 ਅਕਤੂਬਰ (ਅਨਿਲ ਵਰਮਾ) : ''ਜਦੋਂ ਸੱਪ ਦੀ ਮੌਤ ਆਉਂਦੀ ਹੈ ਤਾਂ ਉਹ ਸੜਕ ਵੱਲ ਆ ਨਿਕਲਦਾ ਹੈ'' ਤੇ ਹੁਣ ਉਹੀ ਹਾਲ ਬਾਦਲਕਿਆਂ ਦਾ ਹੋ ਚੁੱਕਿਆ ਹੈ, ਸੁਖਬੀਰ ਬਾਦਲ ਵੱਲੋਂ ਸਟੇਜ ਤੇ ਵਿਰਾਜਮਾਨ ਆਪਣੇ ਪਿਓ ਦੀ ਹਾਜਰੀ ਵਿੱਚ ਇਹ ਕਹਿਣਾ ਕਿ 'ਮੇਰੇ ਪਿਤਾ ਸਮਾਨ' ਅਤੇ ਸਿਕੰਦਰ ਸਿੰਘ ਮਲੂਕਾ ਵੱਲੋਂ ਪੰਥ ਦੀ ਅਮਾਨਤ ਅਤੇ ਸੱਚ ਦੀ ਆਵਾਜ਼ ਪਹਿਰੇਦਾਰ ਖਿਲਾਫ ਭੱਦੀ ਸ਼ਬਦਾਵਲੀ ਬੋਲਕੇ ਉਹ ਕਹਾਵਤ ਸੱਚ ਕਰ ਦਿੱਤੀ ਹੈ ਕਿਉਂਕਿ ਹੁਣ ਇਹਨਾਂ ਦਾ ਅੰਤ ਆ ਗਿਆ ਹੈ, ਕੌਮ ਸੜਕਾਂ ਤੇ ਨਿਕਲ ਚੁੱਕੀ ਹੈ ਤੇ ਉਹ ਦਿਨ ਵੀ ਦੂਰ ਨਹੀਂ ਜਦੋਂ ਬਾਦਲ ਦਲ ਦੇ ਵੱਡੇ ਲੀਡਰ ਬਰਗਾੜੀ ਵੱਲ ਆਉਣ ਵਾਲੇ ਕਾਫਲਿਆਂ ਦੀ ਅਗਵਾਈ ਕਰਨਗੇ ਤੇ ਕੌਮ ਵਿਰੋਧੀ ਸੋਚ ਰੱਖਣ ਵਾਲੇ ਇਹਨਾਂ ਲੀਡਰਾਂ ਦਾ ਅੰਤ ਹੋ ਜਾਏਗਾ। ਇਹਨਾ ਗੱਲਾਂ ਦਾ ਪ੍ਰਗਟਾਵਾ ਸਰਬੱਤ ਖਾਲਸਾ ਦੇ ਜਥੇਦਾਰ ਧਿਆਨ ਸਿੰਘ ਮੰਡ ਨੇ ਮਲੂਕਾ ਵੱਲੋਂ ਪਹਿਰੇਦਾਰ ਖਿਲਾਫ ਵਰਤੀ ਭੱਦੀ ਸ਼ਬਦਾਵਲੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕੀਤਾ ਅਤੇ ਕਿਹਾ ਕਿ ਮਲੂਕਾ ਦੋ ਵਾਰ ਮੰਤਰੀ ਰਹਿ ਚੁੱਕਿਆ ਹੈ ਤੇ ਉਸਨੇ ਅਜਿਹੀ ਸ਼ਬਦਾਵਲੀ ਬੋਲਕੇ ਆਪਣੀ ਘਟੀਆ ਮਾਨਸਿਕਤਾ ਦਾ ਸਬੂਤ ਦਿੱਤਾ ਹੈ।

ਜਥੇਦਾਰ ਮੰਡ ਨੇ ਕਿਹਾ ਕਿ ਪਹਿਰੇਦਾਰ ਅਤੇ ਪਹਿਰੇਦਾਰ ਦੀ ਟੀਮ ਕੌਮ ਦੀ ਅਮਾਨਤ ਹੈ ਅਤੇ ਜੇਕਰ ਇਸ ਦਾ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਉਸ ਲਈ ਬਾਦਲ ਦਲੀਏ ਸਿੱਧੇ ਤੌਰ ਤੇ ਜਿੰਮੇਵਾਰ ਹੋਣਗੇ ਅਤੇ ਧਮਕੀਆਂ ਦੇਣ ਵਾਲਿਆਂ ਨੂੰ ਇਹ ਸੋਚ ਲੈਣਾ ਚਾਹੀਦਾ ਹੈ ਕਿ ਸੰਗਤ ਪਹਿਰੇਦਾਰ ਨਾਲ ਚੱਟਾਂਨ ਵਾਂਗ ਖੜ੍ਹੀ ਹੈ। ਉਹਨਾਂ ਕਿਹਾ ਕਿ ਵੱਡੀਆਂ ਕੁਰਬਾਨੀਆਂ ਨਾਲ ਹੌਂਦ ਵਿੱਚ ਆਏ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਪਰਿਵਾਰ ਨੇ ਅਗਵਾਹ ਕਰ ਲਿਆ ਸੀ ਪਰ ਹੁਣ 7 ਅਕਤੂਬਰ ਨੂੰ ਬਰਗਾੜੀ ਦੇ ਇਕੱਠ ਨੇ ਸ਼੍ਰੋਮਣੀ ਅਕਾਲੀ ਦਲ ਬਾਦਲਾਂ ਦੇ ਚੁੰਗਲ ਵਿੱਚੋਂ ਆਜਾਦ ਕਰਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲਾਂ ਦੀਆਂ ਵੇੜੀਆਂ 'ਚ ਵੱਟੇ ਵੀ ਸੁਖਬੀਰ ਬਾਦਲ ਅਤੇ ਮਲੂਕਾ ਵਰਗਿਆਂ ਨੇ ਹੀ ਪਾਏ ਸਨ। ਉਹਨਾਂ ਕਿਹਾ ਕਿ ਮਲੂਕਾ ਨੂੰ ਬੇਅਦਬੀ ਘਟਨਾਵਾਂ ਦੇ ਰੋਸ 'ਚ ਹਮੀਰਗੜ੍ਹ ਵਿਖੇ ਵਾਪਰੀ ਘਟਨਾ ਅਤੇ ਵਿਦੇਸ਼ਾਂ ਵਿੱਚ ਪਈਆਂ ਜੁੱਤੀਆਂ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ।

ਜਥੇਦਾਰ ਮੰਡ ਨੇ 7 ਅਕਤੂਬਰ ਦੇ ਬਰਗਾੜੀ ਮੋਰਚੇ ਵਿੱਚ ਸ਼ਮੂਲੀਅਤ ਕਰਨ ਵਾਲੀਆਂ ਸਮੂਹ ਸੰਗਤਾਂ, ਨੌਜਵਾਨਾਂ, ਗੁਰਦੁਆਰਾ ਕਮੇਟੀਆਂ, ਕਲੱਬਾਂ ਸਮੇਤ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੋਰਚਾ ਆਪਣੀਆਂ ਮੰਗਾਂ ਦੀ ਜਿੱਤ ਨਾਂਲ ਹੀ ਲੱਗਿਆ ਸੀ ਤੇ ਉਹ ਦਿਨ ਦੂਰ ਨਹੀ ਜਦੋਂ ਧਰਮ ਅਤੇ ਰਾਜਨੀਤੀ ਦੇ ਨਾਮ ਤੇ ਵਪਾਰ ਚਲਾਉਣ ਵਾਲੀਆਂ ਦੁਕਾਨਾਂ ਨੂੰ ਬੰਦ ਕਰਕੇ ਸੱਚ ਦਾ ਬਜਾਰ ਖੁੱਲ੍ਹੇਗਾ। ਇਸ ਮੌਕੇ ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਮਲੂਕਾ ਵੱਲੋਂ ਵਰਤੀ ਭੱਦੀ ਸ਼ਬਦਾਵਲੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਮੀਡੀਆ ਨੂੰ ਧਮਕੀਆਂ ਦੇਕੇ ਡਰਾਉਣ ਦੀਆਂ ਸਾਜਿਸ਼ਾਂ ਕਾਮਯਾਬ ਨਹੀਂ ਹੋਣਗੀਆਂ ਬਲਕਿ ਮਲੂਕਾ ਵਰਗਿਆਂ ਨੂੰ ਬੇਅਦਬੀ ਘਟਨਾਵਾਂ ਲਈ ਕੀਤੀਆਂ ਗਲਤੀਆਂ ਨੂੰ ਮੰਨਕੇ ਕੌਮ ਤੋਂ ਮੁਆਫੀ ਮੰਗਣ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਉਹਨਾਂ ਦੇ ਨਾਲ ਭਾਈ ਪਰਮਜੀਤ ਸਿੰਘ ਸਹੋਲੀ, ਮਨਜੀਤ ਸਿੰਘ ਸੀਰਾ ਕੋਟਸ਼ਮੀਰ ਆਦਿ ਹਾਜਰ ਸਨ। 

ਪਹਿਰੇਦਾਰ ਖਿਲਾਫ਼ ਭੱਦੀ ਸ਼ਬਦਾਵਲੀ ਬੋਲਣ ਅਤੇ ਧਮਕੀਆਂ ਦੇਣ ਦਾ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਵਾਂਗਾ : ਕਾਂਗੜ

ਬਠਿੰਡਾ 8 ਅਕਤੂਬਰ (ਅਨਿਲ ਵਰਮਾ) : ਮੀਡੀਆ ਆਜਾਦ ਸੋਚ ਦਾ ਮਾਲਕ ਹੈ ਤੇ ਲੋਕਤੰਤਰ ਦੇ ਚੌਥੇ ਥੰਮ ਦੀ ਆਵਾਜ਼ ਨੂੰ ਭੱਦੀ ਸ਼ਬਦਾਵਲੀ ਬੋਲਕੇ ਅਤੇ ਧਮਕੀਆਂ ਦੇਣ ਨਾਲ ਨਹੀਂ ਦਬਾਇਆ ਜਾ ਸਕਦਾ ਅਤੇ ਨਾ ਹੀ ਕੈਪਟਨ ਸਰਕਾਰ ਪੰਜਾਬ ਵਿੱਚ ਮੀਡੀਆ ਦੀ ਆਵਾਜ਼ ਨੂੰ ਦਬਾਉਣ ਵਾਲੀਆਂ ਤਾਕਤਾਂ ਨੂੰ ਬਖਸ਼ੇਗੀ। ਇਹਨਾਂ ਗੱਲਾਂ ਦਾ ਪ੍ਰਗਟਾਵਾ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਪਟਿਆਲਾ ਰੈਲੀ ਵਿੱਚ ਪਹਿਰੇਦਾਰ ਖਿਲਾਫ ਵਰਤੀ ਭੱਦੀ ਸ਼ਬਦਾਵਲੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕੀਤਾ ਅਤੇ ਕਿਹਾ ਕਿ ਦੋ ਵਾਰ ਮੰਤਰੀ ਰਹਿਣ ਵਾਲੇ ਮਲੂਕਾ ਨੇ ਸਟੇਜ ਤੋਂ ਅਜਿਹੀ ਸ਼ਬਦਾਵਲੀ ਦੀ ਵਰਤੋਂ ਕਰਕੇ ਅਹੁਦੇ ਦਾ ਵੀ ਅਪਮਾਨ ਕੀਤਾ ਹੈ ਜਿਸ ਤੋਂ ਉਹਨਾਂ ਦੀ ਮਾੜੀ ਮਾਨਸਿਕਤਾ ਸਾਹਮਣੇ ਆਉਂਦੀ ਹੈ। ਉਹਨਾਂ ਕਿਹਾ ਕਿ ਪੰਜ ਵਾਰ ਮੁੱਖ ਮੰਤਰੀ ਰਹਿਣ ਵਾਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਇਸ ਮਾਮਲੇ 'ਤੇ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਕਿ ਉਹ ਸੱਚ ਲਿਖਣ ਵਾਲੀ ਆਵਾਜ਼ ਨੂੰ ਧੱਮਕੀਆਂ ਨਾਲ ਦਬਾਉਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹਨ?

ਉਹਨਾਂ ਕਿਹਾ ਕਿ ਇਹ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਲਿਆਕੇ ਬਣਦੀ ਕਾਰਵਾਈ ਕਰਵਾਈ ਜਾਵੇਗੀ ਤਾਂ ਜੋ ਮੀਡੀਆ ਦੀ ਲਿਖਣ ਅਤੇ ਕੰਮ ਕਰਨ ਦੀ ਆਜਾਦੀ ਨੂੰ ਬਹਾਲ ਰੱਖਿਆ ਜਾ ਸਕੇ। ਉਹਨਾਂ ਕਿਹਾ ਕਿ ਬਾਦਲਾਂ ਨੇ 10 ਸਾਲਾਂ ਦੇ ਰਾਜ ਵਿੱਚ ਅਜਿਹੀਆਂ ਗੁੰਡਾਗਰਦੀ ਵਾਲੀਆਂ ਕਾਰਵਾਈਆਂ ਨਾਲ ਹੀ ਸੱਚ ਦੀ ਆਵਾਜ਼ ਨੂੰ ਦਬਾਉਣ ਦੇ ਹੱਥਕੰਡੇ ਅਪਣਾਏ ਹਨ ਪਰ ਹੁਣ ਕੈਪਟਨ ਸਰਕਾਰ ਵਿੱਚ ਅਜਿਹੀਆਂ ਖੇਡਾਂ ਨਹੀਂ ਖੇਡਣ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਮੀਡੀਆ ਦੀ ਆਜਾਦੀ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹੈ ਅਤੇ ਪਹਿਰੇਦਾਰ ਨਾਲ ਡੱਟਕੇ ਖੜ੍ਹੀ ਹੈ। 

Unusual
Media
Pehredar
Sikhs
Punjab Politics
Sikander Singh Maluka

International