ਬਰਗਾੜੀ ਮੋਰਚੇ ਦੀ ਸਫ਼ਲਤਾ ਤੋਂ ਬਾਅਦ ਕੀ ...?

ਜਸਪਾਲ ਸਿੰਘ ਹੇਰਾਂ
ਬਰਗਾੜੀ ਇਨਸਾਫ਼ ਮੋਰਚਾ, ਧਰਮ ਦੇ ਨਾਮ 'ਤੇ ਲੱਗਿਆ ਮੋਰਚਾ ਹੈ। ਸਮੁੱਚਾ ਪੰਥ ਇਸ ਮੋਰਚੇ 'ਚ ਗੁਰੂ ਦੇ ਨਾਮ 'ਤੇ ਕੁੱਦਿਆ ਹੋਇਆ ਹੈ, ਇਸ ਮੋਰਚੇ ਦੀ ਜਿੱਤ ਨੇ ,ਸਿੱਖਾਂ ਦੀ ਸਿਆਸੀ ਤਾਕਤ ਦਾ ਰਾਹ ਖੋਲ੍ਹਣਾ ਹੈ। ਜੇ ਦੂਜੇ ਸ਼ਬਦਾਂ 'ਚ ਇਹ ਵੀ ਕਹਿ ਦੇਈਏ ਕਿ ਸੱਤਾ੍ਹ ਪ੍ਰਾਪਤੀ ਦੀ ਬੁਨਿਆਦ ਬਣਨਾ ਹੈ ਤਾਂ ਅਤਿ ਕਥਨੀ ਨਹੀਂ ਹੋਵੇਗੀ। ਇਸ ਸੱਚ ਨੂੰ , ਇਸ ਤੱਥ ਨੂੰ ਹਰ ਸਿਆਸੀ ਆਗੂ ਭਲੀ-ਭਾਂਤ ਮਹਿਸੂਸ ਕਰ ਰਿਹਾ ਹੈ। ਬਰਗਾੜੀ ਮੋਰਚਾ ਬਿਨਾਂ ਸ਼ੱਕ, ਇਸ ਸਮੇਂ ਪੰਜਾਬ ਤੇ ਸਿੱਖ ਸਿਆਸਤ ਦਾ ਕੇਂਦਰ ਬਿੰਦੂ ਬਣ ਚੁੱਕਾ ਹੈ। ਬਰਗਾੜੀ ਦੇ ਲਾ-ਮਿਸਾਲ ਇੱਕਠ ਨੇ ਸਾਰੀਆਂ ਧਿਰਾਂ ਨੂੰ ਸੋਚਾਂ ਵਿੱਚ ਪਾ ਦਿੱਤਾ ਹੈ ਪ੍ਰੰਤੂ ਬਰਗਾੜੀ ਇੱਕਠ ਤੋਂ ਬਾਅਦ ਇਹ ਚਰਚਾ ਵੀ ਆਮ ਸਿੱਖਾਂ 'ਚ ਸ਼ੁਰੂ ਹੋ ਗਈ ਹੈ ਕਿ ਐਡੇ ਵੱਡੇ ਇਕੱਠ ਦੀ ਪ੍ਰਾਪਤੀ ਕੀ ਹੋਈ ਹੈ? ਅੱਜ ਦੀ ਤਾਰੀਖ 'ਚ ਇਸ ਇੱਕਠ ਦੀ ਪ੍ਰਾਪਤੀ ਇਹ ਰਹੀ ਕਿ ਜਿੱਥੇ ਕੈਪਟਨ ਸਰਕਾਰ ਨੂੰ ਬਰਗਾੜੀ ਮੋਰਚੇ ਦੀਆਂ ਮੰਗਾਂ ਬਾਰੇ ਗੰਭੀਰ ਹੋਣ ਦਾ ਸੁਨੇਹਾ ਗਿਆ,ਉਥੇ ਬਾਦਲਕਿਆਂ ਨੂੰ ਅਹਿਸਾਸ ਹੋ ਗਿਆ ਕਿ ਉਹ ਸਿੱਖ ਸਿਆਸਤ  'ਚੋਂ  ਲਾਂਭੇ ਹੋ ਗਏ ਹਨ। ਬਿਨਾਂ ਸ਼ੱਕ ਇਸ ਸਮੇਂ ਜਥੇਦਾਰ ਧਿਆਨ ਸਿੰਘ ਮੰਡ ਸਿੱਖ ਸੰਘਰਸ਼ ਦੇ ਕੇਂਦਰ ਬਿੰਦੂ ਹਨ। ਮੋਰਚੇ ਦੀ ਸਫ਼ਲਤਾ ਤੇ ਵਾਹਿਗੁਰੂ ਨਾ ਕਰੇ ਮੋਰਚੇ ਦੀ ਅਸਫ਼ਲਤਾ ਦੀ ਪੂਰੀ ਜ਼ੁੰਮੇਵਾਰੀ ਉਨ੍ਹਾਂ ਦੇ ਸਿਰ ਪੈਣੀ ਹੈ। ਅਸੀਂ ਸਮਝਦੇ ਹਾਂ ਕਿ ਜਥੇਦਾਰ ਮੰਡ ਨੂੰ ਬਿਨਾਂ ਸ਼ੱਕ ਪਹਿਲਾਂ ਧਿਆਨ ਮੋਰਚੇ ਦੀ ਜਿੱਤ 'ਤੇ ਕੇਂਦਰਿਤ ਕਰਨਾ ਚਾਹੀਦਾ ਹੈ ਅਤੇ ਨਾਲ ਦੀ ਨਾਲ ਦੂਜਾ ਧਿਆਨ ਮੋਰਚੇ ਦੀ ਸਫ਼ਲਤਾ 'ਚੋਂ ਸਿਆਸੀ ਤਾਕਤ ਦੀ ਪ੍ਰਾਪਤੀ ਵੱਲ ਵੀ ਹੁਣੇ ਤੋਂ ਹੀ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ।

ਇਸ ਲਈ ਜਿਹੜੀਆਂ ਸਿੱਖ ਜਥੇਬੰਦੀਆਂ ਮੋਰਚੇ 'ਚ ਸ਼ਾਮਲ ਹਨ, ਪਹਿਲਾਂ ਉਹਨਾਂ ਦੀ ਇੱਕਜੁਟਤਾ ਅਤੇ ਫਿਰ ਅਤੇ ਫਿਰ ਜਿਹੜੀਆਂ ਜਥੇਬੰਦੀਆਂ ਹਾਲੇ ਮੋਰਚੇ ਤੋਂ ਦੂਰ ਹਨ, ਉਹਨਾਂ ਨੂੰ ਮੋਰਚੇ 'ਚ ਸ਼ਾਮਲ ਕਰ ਕੇ, ਮੁੰਕਮਲ ਏਕਤਾ ਦਾ ਉਪਰਾਲਾ ਜ਼ਰੂਰੀ ਹੈ। ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਇਸ ਮੋਰਚੇ ਦੀ ਸਫ਼ਲਤਾ, ਸਿੱਖਾਂ ਦੀ ਸਿਆਸੀ ਤਾਕਤ ਦਾ ਰਾਹ ਖੋਲ੍ਹੇਗੀ, ਉਥੇ ਮੋਰਚੇ ਦੀ ਅਸਫ਼ਲਤਾ ਸਿੱਖਾਂ ਨੂੰ ਘੱਟੋ-ਘੱਟ 25 ਸਾਲ ਲਈ ਨਿਰਾਸ਼ਤਾ ਦੀ ਖੱਡ 'ਚ ਸੁੱਟ ਦੇਵੇਗੀ ਅਤੇ ਸਿੱਖ ਗ਼ੁਲਾਮੀ ਦੀ ਜਿਸ ਚੱਕੀ 'ਚ ਅੱਜ ਵੀ ਪਿਸ ਰਹੇ ਹਨ, ਉਸ ਚੱਕੀ ਦੀ ਰਫ਼ਤਾਰ ਕਈ ਗੁਣਾ ਤੇਜ਼ ਹੋ ਜਾਵੇਗੀ। ਸੱਤਾ੍ਹ ਦੇ ਲਾਲਚੀ ਲੋਕਾਂ ਦਾ ਘੇਰਾ ਵੀ ਮੋਰਚੇ ਦੇ ਇਰਦ-ਗਿਰਦ ਬਣਨਾ ਸ਼ੁਰੂ ਹੋ ਚੁੱਕਾ ਹੈ। ਮੋਰਚੇ ਨੂੰ ਤਾਰਪੀਡੋ ਕਰਨ ਵਾਲੀਆਂ ਤਾਕਤਾਂ ਵੀ ਸਰਗਰਮ ਹੋ ਚੁੱਕੀਆਂ ਹਨ। ਸਿੱਖ ਦੁਸ਼ਮਣ ਤਾਕਤਾਂ ਨੂੰ ਮੋਰਚੇ ਦੀ ਸਫ਼ਲਤਾ ਤੋਂ ਡਰ ਸਤਾਉਣ ਲੱਗ ਪਿਆ ਹੈ। ਇਸ ਲਈ 14 ਅਕਤੂਬਰ ਸ਼ਹੀਦੀ ਸਮਾਗਮ 'ਚ ਜਥੇਦਾਰ ਮੰਡ ਨੂੰ ਕੌਮ ਨੂੰ ਭਵਿੱਖ ਦੀ ਰਣਨੀਤੀ ਜ਼ਰੂਰ ਸਪੱਸ਼ਟ ਕਰ ਦੇਣੀ ਚਾਹੀਦੀ ਹੈ ਤਾਂ ਕਿ ਮੋਰਚੇ ਪ੍ਰਤੀ ਕੋਈ ਭੰਬਲਭੂਸਾ ਪੈਦਾ ਨਾ ਕੀਤਾ ਜਾ ਸਕੇ।

ਇਹ ਮੋਰਚਾ ਗੁਰੁ ਦੇ ਨਾਮ 'ਤੇ ਅਤੇ ਗੁਰੁ ਦੀ ਬੇਅਦਬੀ ਦੇ ਮੁੱਦੇ 'ਤੇ ਚੱਲ ਰਿਹਾ ਹੈ ਇਸ ਦੀ ਸਫ਼ਲਤਾ ਲਈ ਗੁਰੂ ਆਪ ਸਹਾਈ ਹੋਣਗੇ,ਪ੍ਰੰਤੂ ਉਸ ਤੋਂ ਬਾਅਦ ਲਾਹਾ ਲੈਣਾ ਜਾਂ ਨਾ ਲੈਣਾ ਸਾਡੀ ਸੂਝ-ਬੂਝ 'ਤੇ ਨਿਰਭਰ ਕਰੇਗਾ। ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਜੇ ਫ਼ਤਿਹ ਹੋ ਜਾਂਦੀ ਹੈ ਤਾਂ ਫਿਰ ਕੀ ਰੁਖ਼ ਅਖ਼ਤਿਆਰ ਹੋਵੇਗਾ, ਜੇ ਮੋਰਚਾ ਜਾਰੀ ਰਹਿੰਦਾ ਹੈ ,ਫਿਰ ਕੀ ਰਣਨੀਤੀ ਰਹੇਗੀ? ਇਸ ਸੰਬੰਧੀ ਵਿਚਾਰ ਵਟਾਂਦਰਾ ਪਹਿਲਾਂ ਹੀ ਹੋ ਜਾਣਾ ਚਾਹੀਦਾ ਹੈ। ਇਸ ਲਈ ਅਸੀਂ ਇਸ ਪੱਖੋਂ ਵੀ ਸੁਚੇਤ ਕਰਾਂਗੇ ਕਿ ਧਰਮ ਪਹਿਲਾਂ ਤੇ ਸਿਆਸਤ ਬਾਅਦ 'ਚ। ਮੋਰਚੇ ਦੀ ਸਫ਼ਲਤਾ ਸਾਡੇ ਲਈ “ਚਿੜੀ ਦੀ ਅੱਖ” ਹੋਣੀ ਚਾਹੀਦੀ ਹੈ। ਸਿਆਸਤ ਵੱਲ ਵੰਡਿਆ ਧਿਆਨ ਜੇ ਉਸ ਨਿਸ਼ਾਨੇ ਤੋਂ ਭਟਕਾਉਂਦਾ ਹੈ ਤਾਂ ਉਸ ਨੂੰ ਲਾਂਭੇ ਕਰ ਦਿੱਤਾ ਜਾਵੇ । ਪ੍ਰੰਤੂ ਸਿੱਖ ਜਥੇਬੰਦੀਆਂ 'ਚ ਏਕਤਾ ਦਾ ਮੁੱਢ ਜ਼ਰੂਰ ਬੰਨ੍ਹ ਲੈਣਾ ਚਾਹੀਦਾ ਹੈ ।

Editorial
Jaspal Singh Heran
bargari

International