ਜਥੇਦਾਰ ਰਣਜੀਤ ਸਿੰਘ ਨੇ ਕੀਤੀ ਪਹਿਰੇਦਾਰ ਦੀ ਹਮਾਇਤ 'ਕਿਹਾ ਮਾੜੀ ਮਾਨਸਿਕਤ ਦਾ ਸਬੂਤ ਦੇ ਰਹੇ ਨੇ ਬਾਦਲਕੇ'

ਦਸਤਾਰ ਫੈਡਰੇਸ਼ਨ ਨੇ ਕੀਤਾ ਜਥੇਦਾਰ ਰਣਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

ਬਠਿੰਡਾ 10 ਅਕਤੂਬਰ (ਅਨਿਲ ਵਰਮਾ) : ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਬਾਦਲਕਿਆਂ ਦੇ ਬੜਬੋਲੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਪਹਿਰੇਦਾਰ ਖਿਲਾਫ ਵਰਤੀ ਭੱਦੀ ਸ਼ਬਦਾਵਲੀ ਅਤੇ ਧਮਕੀਆਂ ਦੇਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾਂ ਕਰਦਿਆਂ ਕਿਹਾ ਕਿ ਸਤਾ ਵਿੱਚ ਹਾਰ ਦੀ ਮਾਰ ਤੋਂ ਬੌਖਲਾਹਟ ਵਿੱਚ ਆਕੇ ਬਾਦਲਕੇ ਮੀਡੀਆ ਨੂੰ ਧਮਕੀਆਂ ਦੇਕੇ ਮਾੜੀ ਮਾਨਸਿਕਤਾ ਦਾ ਸਬੂਤ ਦੇ ਰਹੇ ਹਨ ਪਰ ਉਹ ਸੋਚ ਲੈਣ ਕਿ ਪਹਿਰੇਦਾਰ ਦਾ ਨੁਕਸਾਨ ਕਰਨਾ ਸੌਖਾ ਨਹੀਂ ਕਿਉਂਕਿ ਕੌਮ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ਨਾਲ ਚੱਟਾਂਨ ਵਾਂਗ ਖੜ੍ਹੀ ਹੈ। ਜਥੇਦਾਰ ਰਣਜੀਤ ਸਿੰਘ ਨੇ ਬਠਿੰਡਾ ਫੇਰੀ ਸਬੰਧੀ ਪੱਤਰਕਾਰ ਵਾਰਤਾ ਵਿੱਚ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਪੰਥਕ ਅਕਾਲੀ ਲਹਿਰ ਦੇ ਵਿਸਥਾਰ ਲਈ ਜਿਲ੍ਹਾ ਪੱਧਰੀ ਮੀਟਿੰਗਾਂ ਕਰ ਰਹੇ ਹਨ ਤਾਂ ਜੋ ਸਿੱਖ ਪੰਥ ਨੂੰ ਇੱਕ ਪਲੇਟਫਾਰਮ 'ਤੇ ਇਕੱਠਾ ਕਰਕੇ ਆਉਂਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਲੜੀਆਂ ਜਾ ਸਕਣ ਅਤੇ ਸਿੱਖਾਂ ਦੀ ਦੁਸ਼ਮਣ ਜਮਾਤ ਬਾਦਲਕਿਆਂ ਤੋਂ ਸ਼੍ਰੋਮਣੀ ਕਮੇਟੀ ਅਤੇ ਧਾਰਮਿਕ ਸੰਸਥਾਵਾਂ ਆਜਾਦ ਕਰਵਾਈਆਂ ਜਾ ਸਕਣ ਜਿਸ ਲਈ ਉਹ ਹਰ ਧਾਰਮਿਕ ਜਥੇਬੰਦੀ ਅਤੇ ਸਿੱਖੀ ਸੋਚ ਵਾਲੇ ਆਗੂ ਨੂੰ ਅਪੀਲ ਕਰਦੇ ਹਨ ਕਿ ਉਹ ਇਸ ਲੜਾਈ ਵਿੱਚ ਇਕਜੁੱਣ ਹੋਣ।

ਉਹਨਾਂ ਕਿਹਾ ਕਿ ਇਸ ਏਕਤਾ ਲਈ ਉਹ ਬਾਦਲ ਦਲ ਤੋਂ ਨਰਾਜ ਟਕਸਾਲੀ ਅਕਾਲੀ ਆਗੂਆਂ ਨੂੰ ਵੀ ਨਾਲ ਜੋੜਨ ਦੀ ਕੋਸ਼ਿਸ਼ ਕਰਨਗੇ। ਆਪ ਵਿਧਾਇਕ ਐਚ.ਐਸ. ਫੂਲਕਾ ਵੱਲੋਂ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਕੇ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਦੀ ਮੰਗ ਦਾ ਸਮਰੱਥਨ ਕਰਦਿਆਂ ਕਿਹਾ ਕਿ ਮੋਦੀ ਬਾਦਲਕਿਆਂ ਨੂੰ ਬਚਾਉਣ ਲਈ ਹੀ ਚੋਣਾਂ ਨਹੀਂ ਕਰਵਾ ਰਿਹਾ। 7 ਅਕਤੂਬਰ ਨੂੰ ਬਰਗਾੜੀ ਵਿਖੇ ਹੋਏ ਇਤਿਹਾਸਕ ਇਕੱਠ ਨੂੰ ਗੁਰੂ ਦੇ ਅਪਮਾਨ ਦੇ ਰੋਸ ਦਾ ਇਕੱਠ ਦੱਸਦਿਆਂ ਕਿਹਾ ਕਿ ਇਸ ਇਕੱਠ ਨੇ ਹਾਕਮ ਧਿਰਾਂ ਨੂੰ ਚੇਤਾਵਨੀ ਦੇ ਦਿੱਤੀ ਹੈ ਕਿ ਜੇਕਰ ਉਹਨਾਂ ਬੇਅਦਬੀ ਘਟਨਾਵਾਂ ਦੇ ਦੋਸ਼ੀਆਂ ਖਿਲਾਫ ਕਾਰਵਾਈ ਨਾ ਕੀਤੀ ਤਾਂ ਹਾਲਾਤ ਉਹਨਾਂ ਦੇ ਖਿਲਾਫ ਵੀ ਹੋ ਸਕਦੇ ਹਨ।  ਉਹਨਾਂ ਪੰਥਕ ਅਕਾਲੀ ਲਹਿਰ ਦੇ ਏਜੰਡੇ ਬਾਰੇ ਜਿਕਰ ਕਰਦਿਆਂ ਕਿਹਾ ਕਿ ਇਸ ਨਾਲ ਰਾਜਨੀਤੀ ਦਾ ਕੋਈ ਸਬੰਧ ਨਹੀਂ ਹੋਵੇਗਾ ਪਰ ਹਰ ਪਾਰਟੀ ਵਿੱਚ ਸ਼ਾਮਲ ਸਿੱਖ ਇਸ ਲੜਾਈ ਵਿੱਚ ਉਹਨਾਂ ਦਾ ਸਾਥ ਦੇ ਸਕਦਾ ਹੈ ਕਿਉਂਕਿ ਬਾਦਲਕਿਆਂ ਨੇ ਸ਼੍ਰੋਮਣੀ ਕਮੇਟੀ ਅਤੇ ਧਾਰਮਿਕ ਸਥਾਨਾਂ ਦੇ ਪ੍ਰਬੰਧਾਂ ਵਿੱਚ ਏਨਾ ਨਿਘਾਰ ਲਿਆ ਦਿੱਤਾ ਹੈ ਕਿ ਹਰ ਪਾਸੇ ਮਾੜੀ ਮਾਨਸਿਕਤਾ ਨਾਲ ਕੌਮ ਦਾ ਨੁਕਸਾਨ ਹੋ ਰਿਹਾ ਹੈ ਤੇ ਉਸ ਨੁਕਸਾਨ ਨੂੰ ਰੋਕਣ ਅਤੇ ਬਾਦਲਾਂ ਨੂੰ ਪੰਜਾਬ ਵਿੱਚੋਂ ਖਤਮ ਕਰਨ ਲਈ ਉਹਨਾਂ ਤੋਂ ਸ਼੍ਰੋਮਣੀ ਕਮੇਟੀ ਆਜਾਦ ਕਰਾਉਣਾ ਸਮੇਂ ਦੀ ਲੋੜ ਹੈ।

ਇਸ ਮੌਕੇ ਦਸਤਾਰ ਫੈਡਰੇਸ਼ਨ ਪੰਜਾਬ ਦੇ ਸੇਵਾਦਾਰ ਭਾਈ ਪਰਗਟ ਸਿੰਘ ਭੋਡੀਪੁਰਾ ਦੀ ਅਗਵਾਈ ਵਿੱਚ ਜਥੇਦਾਰ ਰਣਜੀਤ ਸਿੰਘ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ ਤੇ ਜਥੇਦਾਰ ਰਣਜੀਤ ਸਿੰਘ ਨੇ ਭਾਈ ਭੋਡੀਪਰਾ ਵੱਲੋਂ ਸਿਆਸੀ ਸਟੈਜਾਂ ਤੇ ਧਾਰਮਿਕ ਚਿੰਨ੍ਹਾਂ ਦੀ ਵਰਤੋਂ ਰੋਕਣ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਸ਼ਲਾਘਾਯੋਗ ਕਿਹਾ। ਇਸ ਮੌਕੇ ਉਹਨਾਂ ਦੇ ਨਾਲ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ, ਬਾਬਾ ਗੁਰੂ ਨਾਨਕ ਦੇਵ ਜੀ ਦੇ ਅੰਸ਼ ਅਤੇ ਸੰਤ ਸਮਾਜ ਦੇ ਆਗੂ ਬਾਬਾ ਸਰਬਜੋਤ ਸਿੰਘ ਬੇਦੀ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਸਨ। ਇਸ ਮੌਕੇ ਬਾਬਾ ਜੈ ਵਿੰਦਰ ਸਿੰਘ, ਗਿਆਨੀ ਨਛੱਤਰ ਸਿੰਘ, ਬਾਬਾ ਬਲਜੀਤ ਸਿੰਘ ਗਿੱਲਪੱਤੀ, ਏਕਨੂਰ ਖਾਲਸਾ ਫੌਜ ਦੇ ਜਿਲ੍ਹਾ ਪ੍ਰਧਾਨ ਸੁਖਪਾਲ ਸਿੰਘ ਗੋਨਿਆਣਾਂ, ਸੁਖਜਿੰਦਰ ਸਿੰਘ ਚੰਦਸਰ, ਭਾਈ ਕੁਲਜੀਤ ਸਿੰਘ ਘਨੱਈਆ ਸੇਵਾ ਸੁਸਾਇਟੀ, ਗੁਰਦੁਆਰਾ ਸਿੰਘ ਸਭਾ ਦੇ ਮੈਨੈਜਰ ਅਰਸ਼ਦੀਪ ਸਿੰਘ, ਰਣਜੀਤ ਸਿੰਘ ਐਕਸੀਅਨ ਆਦਿ ਹਾਜਰ ਸਨ। 

Unusual
Jathedar
Pehredar
Jaspal Singh Heran
Sikander Singh Maluka

International