ਪਹਿਰੇਦਾਰ ਸਿੱਖ ਪੰਥ ਅਤੇ ਮਜ਼ਲੂਮਾਂ ਦੀ ਅਵਾਜ਼ ਹੈ ਭੱਦਾ ਬੋਲਣ ਵਾਲੇ ਆਪਣੀ ਪੀੜ੍ਹੀ ਥੱਲੇ ਸੌਟਾ ਫੇਰਨ: ਜਥੇਦਾਰ ਹਵਾਰਾ

ਮਲੂਕਾ ਆਪਣੇ ਗਿਰੇਵਾਨ 'ਚ ਵੇਖੇ ਤੇ ਦੱਸੇ ਮਕਾਰੀ ਤੋਂ ਇਲਾਵਾ ਪੰਥ ਦੇ ਹਿੱਤ ਲਈ ਕਿਹੜਾ ਕਾਰਜ਼ ਕੀਤਾ? 

ਨਵੀਂ ਦਿੱਲੀ, ਚੰਡੀਗੜ੍ਹ  11 ਅਕਤੂਬਰ (ਮੇਜਰ ਸਿੰਘ): ਪਹਿਰੇਦਾਰ ਦੇ ਵਿਰੁੱਧ ਕੂੜ ਪ੍ਰਚਾਰ ਕਰਨ ਵਾਲਿਆਂ ਨੂੰ ਆਪਣੀ ਪੀੜ੍ਹੀ ਥੱਲੇ ਸੌਟਾ ਫੇਰਨਾ ਚਾਹੀਦਾ ਹੈ ਪਹਿਰੇਦਾਰ ਅਖ਼ਬਾਰ ਸਿੱਖ ਪੰਥ ਅਤੇ ਮਜ਼ਲੂਮਾਂ ਦੀ ਅਵਾਜ਼ ਹੈ ਤੇ ਸਮੁਚਾ ਪੰਥ ਚਟਾਨ ਵਾਂਗ ਨਾਲ ਖੜ੍ਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਤਿਹਾੜ ਜ਼ੇਲ੍ਹ 'ਚ  ਨਜ਼ਰਬੰਦ ਸਰਬੱਤ ਖ਼ਾਲਸਾ ਵਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਜਗਤਾਰ ਸਿੰਘ ਹਵਾਰਾ ਨੇ ਕੀਤਾ। ਜਥੇਦਾਰ ਹਵਾਰਾ ਦੇ ਬੁਲਾਰਾ ਸ. ਅਮਰ ਸਿੰਘ ਚਾਹਲ ਨੇ ਕਿਹਾ ਕਿ ਬੀਤੇ ਦਿਨੀਂ ਮੁਲਾਕਾਤ ਕਰਨ ਗਏ ਧਰਮੀ ਬਾਪੂ ਗੁਰਚਰਨ ਸਿੰਘ ਪਟਿਆਲਾ ਨਾਲ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਜਥੇਦਾਰ ਸਾਹਿਬ ਨੂੰ ਦਸਿਆ ਕਿ ਬਾਦਲਕਿਆਂ ਦੀ 7ਅਕਤੂਬਰ ਨੂੰ ਪਟਿਆਲਾ ਰੈਲੀ ਦੋਰਾਨ ਸਿੰਕਦਰ ਸਿੰਘ ਮਲੂਕਾ ਵਲੋਂ ਪਹਿਰੇਦਾਰ ਸਬੰਧੀ ਅਤੀ ਭੱਦੀ ਸ਼ਬਦਾਬਲੀ ਵਰਤੀ ਹੈ ਜਿਸ ਦੇ ਜਵਾਬ ਵਿਚ ਜਥੇਦਾਰ ਸਾਹਿਬ ਨੇ ਕਿਹਾ ਕਿ ਪਹਿਰੇਦਾਰ ਅਖ਼ਬਾਰ ਹੀ ਇਕ ਹੱਕ ਸੱਚ 'ਤੇ ਪਹਿਰਾ ਦੇ ਰਿਹਾ ਹੈ ਜਿਸ ਕਾਰਨ ਬਾਦਲਕਿਆਂ ਵਲੋਂ ਕੀਤਾ ਹਰ ਕਾਲਾ ਕਾਰਨਾਮਾ ਜੱਗ ਜਾਹਿਰ ਹੋਇਆ ਹੈ।

ਬਾਦਲਾਂ ਵਲੋਂ ਪੰਥ ਨਾਲ ਕੀਤੇ ਹਰ ਧ੍ਰੋਹ ਨੂੰ ਪਹਿਰੇਦਾਰ ਨੇ ਬਾਖ਼ੂਬੀ ਬਗੈਰ ਕਿਸੇ ਡਰ ਦੇ ਸਿੱਖ ਕੌਮ ਦੀ ਕਚਹਿਰੀ ਵਿਚ ਲਿਆਂਦਾ ਹੈ । ਜਥੇਦਾਰ ਸਾਹਿਬ ਨੇ ਕਿਹਾ ਕਿ ਪੰਜਾਬ ਵਿਚ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਲਈ ਬਾਦਲਕੇ ਸਿੱਧੇ ਤੋਰ 'ਤੇ ਦੋਸ਼ੀ ਹਨ ਜਿਨ੍ਹਾਂ ਨਿੱਜੀ ਸਵਾਰਥਾਂ ਖਾਤਿਰ ਸੌਦਾ ਸਾਧ ਨਾਲ ਯਾਰੀ ਨਿਭਾਈ 'ਤੇ ਸਿੱਖ ਸੰਗਤਾਂ 'ਤੇ ਆਪਣੀ ਪੁਲਿਸ ਰਾਹੀਂ ਕਹਿਰ ਵਰਤਾਇਆ  ਗੋਲੀਆਂ ਚਲਵਾ ਕੇ ਨਿਹੱਥੇ ਸਿੰਘਾਂ ਨੂੰ ਸ਼ਹੀਦ ਕਰਵਾਇਆ ਤੇ ਨੋਜੁਆਨੀ ਦਾ ਰੱਜ ਕੇ ਘਾਣ ਕੀਤਾ। ਹਮੇਸ਼ਾਂ ਪੰਥ ਦਾ ਸਹਾਰਾ ਲੈ ਕੇ ਪੰਥ ਨਾਲ ਹੀ ਗਦਾਰੀ ਕੀਤੀ ਹੈ ਪਰ ਪਹਿਰੇਦਾਰ ਵਲੋਂ ਬਤੌਰ ਪ੍ਰੈਸ ਦੀ ਜਿੰਮੇਂਵਾਰੀ ਨਿਭਾਉਂਦਿਆਂ ਲੋਕਤੰਤਰ ਦੇ ਚੌਥੇ ਥੰਮ ਨੂੰ ਮਜ਼ਬੂਤ ਕੀਤਾ ਹੈ। ਇਸ ਦੇ ਨਾਲ ਹੀ ਰੈਲੀ ਵਿਚ ਪਹਿਰੇਦਾਰ ਦੀ ਬਦਖੋਈ ਕਰਨ ਵਾਲਾ ਮਲੂਕਾ ਆਪਣੇ ਗਿਰੇਵਾਨ 'ਚ ਵੇਖੇ ਤੇ ਦੱਸੇ ਮਕਾਰੀ ਕਰਨ ਤੋਂ ਇਲਾਵਾ ਪੰਥ ਦੇ ਹਿੱਤ ਲਈ ਕਿਹੜਾ ਅਜਿਹਾ ਕਾਰਜ਼ ਕੀਤਾ ਹੈ? ਜਿਸ ਨਾਲ ਸਿੱਖ ਕੌਮ ਦਾ ਨਾਂਅ ਰੋਸ਼ਨ ਹੋਇਆ ਹੋਵੇ। ਸ. ਚਾਹਲ ਨੇ ਦਸਿਆ ਕਿ ਜਥੇਦਾਰ ਸਾਹਿਬ ਨੇ ਕਿਹਾ ਕਿ ਪਹਿਰੇਦਾਰ ਵਲੋਂ ਬਤੌਰ ਪ੍ਰੈਸ ਨਿਭਾਈਆਂ ਜਾ ਰਹੀਆਂ ਜਿੰਮੇਂਵਾਰੀਂਆਂ ਦੀ ਸ਼ਲਾਘਾਯੋਗ ਹਨ ਤੇ ਇਸੇ ਤਰਾਂ ਆਪਣੀਆਂ ਜਿੰਮੇਂਵਾਰੀਆਂ ਨਿਭਾਉਂਦਾ ਰਹੇ, ਉਨ੍ਹਾਂ ਸਮੁਚੀ ਸਿੱਖ ਕੌਮ ਅਤੇ ਇੰਨਸਾਫ਼ ਪਸੰਦ ਲੋਕਾਂ ਨੂੰ ਅਪੀਲ ਕੀਤੀ ਕਿ ਪਹਿਰੇਦਾਰ ਨੂੰ ਬਣਦਾ ਸਹਿਯੋਗ ਦਿੱਤਾ ਜਾਵੇ। 

Unusual
Parkash Singh Badal
Jathedar
Jagtar Singh Hawara
Pehredar
Sikhs

International