ਪੇਸ਼ਾਵਰ ਦੇ ਸਿੱਖ ਡਰਾਇਵਰਾਂ ਨੂੰ ਮਿਲੀ ਹੈਲਮੈਟ ਤੋਂ ਛੋਟ

ਪੇਸ਼ਾਵਰ 25 ਅਕਤੂਬਰ (ਏਜੰਸੀਆਂ): ਪਾਕਿਸਤਾਨੀ ਸੂਬੇ ਖ਼ੈਬਰ ਪਖ਼ਤੂਨਖ਼ਵਾ ਦੀ ਰਾਜਧਾਨੀ ਪੇਸ਼ਾਵਰ ਚ ਦੋ-ਪਹੀਆ ਵਾਹਨ ਚਾਲਕ ਦਸਤਾਰਧਾਰੀ ਸਿੱਖਾਂ ਨੂੰ ਹੈਲਮੈਟ ਪਹਿਨਣ ਤੋਂ ਛੋਟ ਦੇ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਇਹ ਮੁੱਦਾ ਇੱਕ ਘੱਟ-ਗਿਣਤੀ ਮੈਂਬਰ ਵੱਲੋ ਖ਼ੈਬਰ ਪਖ਼ਤੂਨਖ਼ਵਾ ਵਿਧਾਨ ਸਭਾ ਚ ਉਠਾਇਆ ਗਿਆ ਸੀ। ਇਹ ਛੋਟ ਘੱਟ-ਗਿਣਤੀਆਂ ਨਾਲ ਸਬੰਧਤ ਉਨ੍ਹਾਂ ਸਾਰੇ ਵਿਅਕਤੀਆਂ ਨੂੰ ਹੋਵੇਗੀ, ਜਿਨ੍ਹਾਂ ਨੇ ਦੋ-ਪਹੀਆ ਵਾਹਨ ਚਲਾਉਂਦੇ ਸਮੇਂ ਦਸਤਾਰ ਧਾਰਨ ਕੀਤੀ ਹੋਵੇਗੀ। ਖ਼ੈਬਰ ਪਖ਼ਤੂਨਖ਼ਵਾ ਸੂਬੇ ਚ 60,000 ਤੋਂ ਵੱਧ ਸਿੱਖ ਰਹਿੰਦੇ ਤੇ ਉਨ੍ਹਾਂ ਚੋਂ 15,000 ਦੇ ਲਗਭਗ ਇਕੱਲੇ ਪੇਸ਼ਾਵਰ ਚ ਹੀ ਰਹਿ ਰਹੇ ਹਨ।

ਪੇਸ਼ਾਵਰ ਦੇ ਐੱਸਐੱਸਪੀ (ਆਵਾਜਾਈ) ਕਾਸ਼ਿਫ਼ ਜ਼ੁਲਫ਼ਿਕਾਰ ਨੇ ਘੱਟ-ਗਿਣਤੀਆਂ ਨੂੰ ਮੁਕੰਮਲ ਸਹਿਯੋਗ ਦਾ ਭਰੋਸਾ ਦਿਵਾਇਆ ਹੈ। ਉੱਧਰ ਲਾਹੌਰ ਚ ਅੱਜ-ਕੱਲ੍ਹ ਹੈਲਮੈਟ ਨਾ ਪਹਿਨਣ ਵਾਲੇ ਦੋ-ਪਹੀਆ ਵਾਹਨ ਚਾਲਕਾਂ ਤੇ ਬਹੁਤ ਸਖ਼ਤੀ ਕੀਤੀ ਜਾ ਰਹੀ ਹੈ। ਉੱਥੇ ਇਕੱਲੇ ਸਤੰਬਰ ਮਹੀਨੇ ਦੌਰਾਨ ਬਿਨਾ ਹੈਲਮੈਟ ਸਕੂਟਰ ਤੇ ਮੋਟਰਸਾਇਕਲ ਚਲਾਉਣ ਵਾਲਿਆਂ ਦੇ ਕੁੱਲ 58,066 ਚਲਾਨ ਕੱਟੇ ਗਏ ਸਨ। ਇਸੇ ਲਈ ਹੁਣ ਤੱਕ ਜਿਹੜੀ ਹੈਲਮੈਟ 400 ਰੁਪਏ ਤੋਂ ਲੈ ਕੇ 500 ਰੁਪਏ ਚ ਵਿਕ ਰਹੀ ਸੀ, ਉਹ ਹੁਣ ਬਾਜ਼ਾਰ ਚ 1,000 ਤੋਂ 1,500 ਰੁਪਏ ਚ ਵਿਕ ਰਹੀ ਹੈ।  

Unusual
Sikhs
pakistan

International