ਖਹਿਰਾ ਵਲੋਂ ਤੀਜੇ ਮੋਰਚੇ ਦੇ ਗਠਨ ਦਾ ਸੰਕੇਤ

ਖਹਿਰਾ ਧੜਾ ਕੱਢੇਗਾ ਪੰਜਾਬ ਸਰਕਾਰ ਖਿਲਾਫ਼ ਇਨਸਾਫ਼ ਮੋਰਚਾ

ਚੰਡੀਗੜ੍ਹ 5 ਨਵੰਬਰ (ਰਾਜਵਿੰਦਰ ਰਾਜੂ) ਆਮ ਆਦਮੀ ਪਾਰਟੀ ਦੇ ਬਾਗੀ ਸੁਖਪਾਲ ਖਹਿਰਾ ਧੜੇ ਨੇ ਪੱਕੀ ਲਕੀਰ ਖਿੱਚ ਦਿੱਤੀ ਹੈ। ਅੱਜ ਚੰਡੀਗੜ੍ਹ ਵਿੱਚ ਬਾਗੀ ਧੜੇ ਵੱਲੋਂ ਬਣਾਈ ਕੋਰ ਕਮੇਟੀ ਦੀ ਮੀਟਿੰਗ ਵਿੱਚ ਵੱਖ ਹੋ ਕੇ ਚੱਲਣ ਦਾ ਫੈਸਲਾ ਹੋ ਗਿਆ ਹੈ। ਸੁਖਪਾਲ ਖਹਿਰਾ ਨੇ ਤੀਜਾ ਮੋਰਚਾ ਕਾਇਮ ਕਰਨ ਦਾ ਸੰਕੇਤ ਦਿੰਦਿਆਂ ਕਿਹਾ ਕਿ ਉਹ ਦਸੰਬਰ ਦੇ ਪਹਿਲੇ ਹਫ਼ਤੇ ਅੱਠ ਦਿਨ ਪੂਰੇ ਪੰਜਾਬ ਵਿੱਚ ਇਨਸਾਫ ਮਾਰਚ ਕਰਨਗੇ। ਇਸ ਦੌਰਾਨ ਪੰਜਾਬ ਦੀ ਜਨਤਾ ਤੋਂ ਰਾਏ ਲਈ ਜਾਵੇਗੀ। ਉਸ ਮੁਤਾਬਕ ਅਗਲੀ ਰਣਨੀਤੀ ਐਲਾਨੀ ਜਾਏਗੀ। ਇਸ ਮੌਕੇ ਸੁਖਪਾਲ ਖਹਿਰਾ ਨੇ ਨਵਾਂ ਨਾਅਰਾ ਦਿੱਤਾ, ਕੇਜਰੀਵਾਲ, ਕੇਜਰੀਵਾਲ ਪੰਜਾਬ ਦਾ ਸਾਰਾ ਧੂੰਆਂ ਤੇਰੇ ਨਾਲ। ਇਸ ਦੇ ਨਾਲ ਹੀ ਮੌੜ ਮੰਡੀ ਤੋਂ ਵਿਧਾਇਕ ਜਗਦੇਵ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਤਿੰਨ ਹੋਰ ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ। ਉਹ ਛੇਤੀ ਹੀ ਖਹਿਰਾ ਧੜੇ ਵਿੱਚ ਸ਼ਾਮਲ ਹੋਣਗੇ। ਮੀਟਿੰਗ ਮਗਰੋਂ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਉਨ੍ਹਾਂ ਨੂੰ ਮੁਅੱਤਲੀ ਦਾ ਕੋਈ ਨੋਟਿਸ ਨਹੀਂ ਆਇਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਧੜੇ ਦੀ ਕੋਰ ਕਮੇਟੀ ਗੈਰ ਸੰਵਿਧਾਨਕ ਹੈ।

ਉਸ ਨੂੰ ਕੋਈ ਫੈਸਲਾ ਲੈਣ ਦਾ ਅਧਿਕਾਰ ਨਹੀਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਹਨ। ਪਾਰਟੀ ਦਾ ਢਾਂਚਾ ਵੀ ਗ਼ੈਰ ਸੰਵਿਧਾਨਕ ਹੈ। ਕੰਵਰ ਸੰਧੂ ਨੇ ਖੁਲਾਸਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਕੋਈ ਵੀ ਅਨੁਸਾਸ਼ਨੀ ਕਮੇਟੀ ਨਹੀਂ ਬਣੀ ਹੈ। ਇਸ ਲਈ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਨੂੰ ਨੋਟਿਸ ਭੇਜਿਆ ਜਾਵੇਗਾ। ਇਸ ਮੌਕੇ ਸੁਖਪਾਲ ਖਹਿਰਾ ਨੇ ਕਿਹਾ ਕਿ ਕੇਜਰੀਵਾਲ ਨੇ ਲੋਕਾਂ ਨਾਲ ਕੀਤਾ ਧੋਖਾ ਕੀਤਾ ਹੈ। ਉਨ੍ਹਾਂ ਨੇ ਤਾਨਾਸ਼ਾਹ ਰਵੱਈਆ ਅਪਣਾਇਆ ਹੈ। ਖਹਿਰਾ ਨੇ ਕਿਹਾ ਕਿ ਅਨੁਸਾਸ਼ਨੀ ਕਮੇਟੀ ਤੇ ਲੋਕ ਅਯੁਕਤ ਦੀ ਨਿਯੁਕਤੀ ਕੀਤੀ ਜਾਵੇਗੀ। ਡਾ. ਕੇ.ਐਸ. ਔਲਖ ਨੂੰ ਲੋਕ ਅਯੁਕਤ ਲਾਇਆ ਜਾਵੇਗਾ। ਕੇਐਸ ਔਲਖ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਹਨ। ਇਸ ਤੋਂ ਇਲਾਵਾ ਕੰਵਰ ਸੰਧੂ, ਪਿਰਮਲ ਸਿੰਘ ਖਾਲਸਾ ਤੇ ਕਰਮਜੀਤ ਕੌਰ ਮਾਨਸਾ ਅਨੁਸਾਸ਼ਨੀ ਕਮੇਟੀ ਦਾ ਕੰਮ ਵੇਖਣਗੇ। ਇਹ ਕਮੇਟੀ ਆਮ ਆਦਮੀ ਪਾਰਟੀ ਨੂੰ ਕਾਰਨ ਦੱਸੋ ਨੋਟਿਸ ਭੇਜੇਗੀ।

Unusual
Punjab Politics
Sukhpal Singh Khaira
Aam Aadmi Party

International