ਪਹਿਲਾਂ ਵਾਲਾ ਕੈਪਟਨ ਕਿਧਰ ਗਿਆ ..?

ਜਸਪਾਲ ਸਿੰਘ ਹੇਰਾਂ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਾਦਲ ਦੀ ਲੁੱਟ-ਖਸੁੱਟ ਵਿਰੁੱਧ ਤੁੰਨ ਦਿਊਂ ਦੀ ਬੜ੍ਹਕ ਕਾਰਣ, ਬਾਦਲਾਂ ਨਾਲਂੋ ਚੰਗਾ ਸਿੱਖ ਮੰਨ ਕੇ ਕਿਸਾਨਾਂ ਦੀ ਫ਼ਸਲ ਨੂੰ ਮੰਡੀ ਪੁੱਜਣ ਸਾਰ ਸੰਭਾਲਣ ਕਾਰਣ ਅਤੇ ਸਖ਼ਤ ਪ੍ਰਸ਼ਾਸਨ ਹੋਣ ਵਾਸਤੇ ਅਫ਼ਸਰਸਾਹੀ ਤੇ ਮਜ਼ਬੂਤ ਪਕੜ੍ਹ ਹੋਣ ਕਾਰਣ ਜਾਣਿਆ ਜਾਂਦਾ ਸੀ, ਪਸੰਦ ਕੀਤਾ ਜਾਂਦਾ ਸੀ, ਪ੍ਰੰਤੂ ਕੈਪਟਨ ਕੀ ਹਰਮਨ ਪਿਆਰਤਾ ਦੇ ਇਹ ਸਾਰੇ ਕਾਰਣ ਇਸ ਪਾਰੀ 'ਚ ਗਧੇ ਦੇ ਸਿੰਗਾਂ ਵਾਗੂੰ ਆਲੋਪ ਹੋ ਗਏ ਹਨ। ਪੰਜਾਬ ਦੇ ਲੋਕਾਂ ਨੂੰ ਕੈਪਟਨ ਨੂੰ ਜਿਤਾਇਆ ਸੀ ਕਿ ਉਹ ਪਿਛਲੇ 10 ਸਾਲਾਂ 'ਚ ਬਾਦਲਾਂ ਵੱਲੋਂ ਕੀਤੀ ਲੁੱਟ ਦਾ ਬਦਲਾ ਲਊਗਾ, ਹਿਸਾਬ-ਕਿਤਾਬ ਬਰਾਬਰ ਕਰੂਗਾ? ਪ੍ਰੰਤੂ ਲੋਕਾਂ ਪੱਲੇ ਨਿਰਾਸ਼ਤਾ ਪਈ, ਜਦੋਂ ਉਨ੍ਹਾਂ ਦੇਖਿਆ ਕਿ ਇੱਧਰ ਤਾਂ ਅੰਦਰੂਨੀ ਸਮਝੌਤੇ ਹੋਏ ਪਏ ਹਨ, ਬਾਦਲਕੇ ਬੇਫ਼ਿਕਰ ਦਨਦਨਾ ਰਹੇ ਹਨ ਅਤੇ ਕੈਪਟਨ ਬਿਨ੍ਹਾਂ ਸਬੂਤਾਂ ਤਾਂ ਕੁਝ ਨਹੀਂ ਕਰੂੰਗਾ ਦਾ ਰਾਗ ਅਲਾਪੀ ਜਾ ਰਿਹਾ ਹੈ, ਦੂਸਰਾ ਪੰਜਾਬ ਦੇ ਲੋਕ ਅਤੇ ਖ਼ਾਸ ਕਰਕੇ ਸਿੱਖ ਕੈਪਟਨ ਨੂੰ ਬਾਦਲਕਿਆਂ ਤੋਂ ਚੰਗਾ ਸਿੱਖ ਮੰਨਦੇ ਹਨ ਪ੍ਰੰਤੂ ਕੈਪਟਨ ਵੱਲੋਂ ਪਵਿੱਤਰ ਪਾਵਨ ਗੁਟਕਾ ਸਾਹਿਬ ਦੀ ਖਾਧੀ ਸਹੁੰ ਕਾਰਣ ਅਤੇ ਸਰਕਾਰ ਦੇ ਦੋ ਸਾਲ ਬੀਤ ਜਾਣ ਦੇ ਬਾਵਜੂਦ ਬਰਗਾੜੀ ਬੇਅਦਬੀ ਕਾਂਡ, ਬਹਿਕਲਾਂ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਨਕੇਲ ਨਾਂਹ ਪਾ ਕੇ ਅਤੇ ਬਰਗਾੜੀ ਮੋਰਚੇ ਸਮੇਤ ਸਿੱਖ ਪੰਥ ਵਿਰੁੱਧ ਕਈ ਗੰਭੀਰ ਟਿੱਪਣੀਆਂ ਕਰਕੇ, ਕੈਪਟਨ ਨੇ ਸਾਫ਼ ਕਰ ਦਿੱਤਾ ਕਿ ਸਿੱਖੀ ਨਾਲ ਮੋਹ ਸਿਰਫ਼ ਮਖੋਟਾ ਹੀ ਹੈ।

ਬਾਕੀ ਸਾਰਾ ਕੁਝ ਏਜੰਸੀਆਂ ਅਨੁਸਾਰ ਉਨ੍ਹਾਂ ਦੇ ਇਸ਼ਾਰੇ 'ਤੇ ਹੀ ਚੱਲਣਾ ਹੈ। ਉਹ ਜਦੋਂ ਇਸ਼ਾਰਾ ਕਰਨਗੀਆਂ ਸਿੱਖਾਂ ਦੇ ਕੁੱਟ ਪੈਣੀ ਸ਼ੁਰੂ ਹੋ ਜਾਵੇਗੀ। ਤੀਸਰਾ ਕੈਪਟਨ ਨੂੰ ਪੰਜਾਬ ਦਾ ਕਿਸਾਨ ਉਸ ਵੱਲੋਂ ਆਪਣੇ ਕਾਰਜਕਾਲ 'ਚ ਕਿਸਾਨਾਂ ਦੀ ਫ਼ਸਲ ਤਰੁੰਤ ਸੰਭਾਲਣ ਕਾਰਣ, ਕਿਸਾਨਾਂ ਨੂੰ ਮੰਡੀਆਂ 'ਚ ਰੁਲਣ  ਤੋਂ ਬਚਾਉਣ ਲਈ ਬਿਜਲੀ ਦੀ ਪੂਰੀ ਸਪਲਾਈ ਦੇਣ ਲਈ ਅਤਿ ਦਾ ਪਿਆਰ ਕਰਦਾ ਸੀ। ਕੈਪਟਨ ਦੇ ਇਸ ਗੁਣ ਕਾਰਣ, ਕਿਸਾਨੀ 'ਚ ਉਸਦੀ ਹਰਮਨਪਿਆਰਤਾ ਨੇ ਬਾਦਲ ਦਲ ਦੇ ਕਿਸਾਨੀ ਵੋਟ ਬੈਂਕ 'ਚ ਵੱਡਾ ਖ਼ੋਰਾ ਵੀ ਲਾਇਆ। ਪੰ੍ਰਤੂ ਇਸ ਵਾਰ ਕੈਪਟਨ ਆਪਣੀ ਉਹ 'ਗੁਰਜ' ਹੀ ਗੁਆ ਬੈਠਾ ਹੈ। ਨਮੀ ਦੀ ਸਮੱਸਿਆ ਨੂੰ ਲੈ ਕੇ ਇਸ ਵਾਰ ਕਿਸਾਨ ਮੰਡੀਆਂ 'ਚ ਰੁਲ ਰਿਹਾ ਹੈ, ਸੜ੍ਹਕਾਂ 'ਤੇ ਧਰਨੇ ਲਾਉਣ ਲਈ ਮਜ਼ਬੂਰ ਹੈ। ਖਰੀਦ ਏਜੰਸੀਆਂ ਦੇ ਅਧਿਕਾਰੀ ਸ਼ਰੇਆਮ ਕਮਿਸ਼ਨ ਲੈਣ ਲਈ ਮੂੰਹ ਅੱਡੀ ਜਾਂਦੇ ਹਨ ਕਿਸਾਨ ਵੀ ਇਸ ਵਾਰ ਮੰਡੀਆਂ 'ਚ ਰੁਲ ਗਿਆ, ਉਸਦਾ ਚਿੱਟਾ ਸੋਨਾ ਵੀ ਰੁਲ ਗਿਆ।

ਚੌਥਾ ਕੈਪਟਨ ਨੂੰ ਸਖ਼ਤ ਪ੍ਰਸ਼ਾਸਕ ਮੰਨਕੇ, ਅਫ਼ਸਰਸ਼ਾਹੀ ਉਸ ਤੋਂ ਤ੍ਰਭਕਦੀ ਸੀ, ਤਹਿਕਦੀ ਸੀ, ਸਰਕਾਰੀ ਦਫ਼ਤਰਾਂ 'ਚ ਲੋਕਾਂ ਦੇ ਕੰਮਕਾਰ ਹੁੰਦੇ ਸਨ, ਇਸ ਵਾਰ ਮਾਮਲਾ ਉਲਟਿਆ ਪਿਆ ਹੈ। ਪੌਣੇ ਦੋ ਵਰ੍ਹਿਆਂ 'ਚ ਪੰਜਾਬ ਦੇ ਲੋਕਾਂ ਨੂੰ ਸਰਕਾਰ ਨਾਲ ਦੀ ਚਿੜੀ ਕਿਧਰੇ ਲੱਭੀ ਹੀ ਨਹੀ। ਹਰ ਪਾਸੇ ਅਫ਼ਸਰਸ਼ਾਹੀ ਭਾਰੂ ਹੈ। ਆਮ ਲੋਕਾਂ ਦੀ ਪੁੱਛ ਦੱਸ ਤਾਂ ਦੂਰ, ਕਾਂਗਰਸੀ ਵੀ ਲੱਭਦੇ ਹਨ ਕਿ ਸਾਡੀ ਸਰਕਾਰ ਕਿੱਥੇ ਹੈ? ਸਰਕਾਰ ਨਾ ਲੱਭਣ 'ਤੇ ਭੁੱਬਾਂ ਮਾਰਦੇ ਹਨ।  ਮੁਲਾਜ਼ਮ ਵਰਗ ਬੇਚੈਨ ਹੈ, ਸਰਕਾਰੀ ਖ਼ਜ਼ਾਨਾ  ਖ਼ਾਲੀ ਖੜਕ ਰਿਹਾ ਹੈ।  ਵਿਕਾਸ ਕਾਰਜ ਤਾਂ ਸੁਪਨਾ ਹੋ ਗਏ ਹਨ। ਪੰਜਾਬ ਦੇ ਲੋਕ ਸਕਤੇ 'ਚ ਹਨ ਕਿ ਆਖ਼ਰ ਕੈਪਟਨ ਨੂੰ ਹੋ ਕੀ ਗਿਆ ਹੈ ? ਪਹਿਲਾਂ ਵਾਲਾ ਕੈਪਟਨ ਕਿੱਥੇ ਚਲਾ ਗਿਆ ਹੈ? ਸਲਾਹਕਾਰਾਂ ਦੀ ਵੱਡੀ ਫੌਜ ਖੜ੍ਹੀ ਕਰਕੇ, ਸਰਕਾਰੀ ਖ਼ਜ਼ਾਨੇ 'ਤੇ ਤਾਂ ਵੱਡਾ ਬੋਝ ਪਾ ਦਿੱਤਾ ਗਿਆ ਹੈ, ਪ੍ਰੰਤੂ ਕਿਸੇ ਸਲਾਹਕਾਰ ਦੀ ਸਲਾਹ ਨਾ ਤਾਂ ਲਈ ਜਾਂਦੀ ਹੈ ਅਤੇ ਨਾ ਹੀ ਸੁਣੀ ਜਾਂਦੀ ਹੈ, ਸਭ ਤੋਂ ਵੱਡੀ ਗੱਲ, ਕੋਈ ਸਲਾਹਕਾਰ  ਸਲਾਹ ਦੇਣ ਦੀ ਜੁਰੱਅਤ ਹੀ ਨਹੀ ਕਰਦਾ ਅਤੇ ਨਾ ਹੀ ਕੈਪਟਨ ਸਾਬ੍ਹ, ਕਿਸੇ ਸਲਾਹਕਾਰ ਨੂੰ ਮਿਲਣ ਲਈ ਸਮਾਂ ਹੀ ਕੱਢਦੇ ਹਨ। ਲੋਕਾਂ ਨੂੰ ਝੋਨਾ ਦੇਰੀ ਨਾਲ ਲਾਉਣ ਦਾ ਫੈਸਲਾ ਕੁਦਰਤ ਦੇ ਵਰਤਾਰੇ ਸਾਹਮਣੇ ਗਲਤ ਸਾਬਤ ਹੋ ਗਿਆ। ਕਿਸਾਨ ਨੂੰ ਨਾ ਤਾਂ ਝਾੜ ਪੂਰਾ ਮਿਲਿਆ ਅਤੇ ਦੂਸਰਾ ਮੰਡੀਆਂ 'ਚ ਰੁਲਣਾ ਪੈ ਗਿਆ। 17 ਫ਼ੀਸਦੀ ਨਮੀ ਵਾਲੀ ਸ਼ਰਤ ਪੂਰੀ ਕਰਨੀ ਔਖੀ ਹੈ। ਇਸ ਲਈ ਕਿਸਾਨ ਬੋਰੀ ਪਿੱਛੇ ਮੰਗਿਆ ਜਾਂਦਾ ਕਮਿਸ਼ਨ ਦੇਣ ਲਈ ਮਜ਼ਬੂਰ ਹੈ। ਅਸੀਂ ਇਹ ਹੋਕਾ ਇਸ  ਉਮੀਦ  ਨਾਲ ਦੇ ਰਹੇ ਹਾਂ ਕਿ ਸ਼ਾਇਦ ਮੁੱਖ ਮੰਤਰੀ ਦੇ ਕੰਨਾਂ ਤੱਕ ਗੱਲ ਪੁੱਜ ਜਾਵੇ, ਹਾਲੇ ਵੀ ਪੰਜਾਬ ਦੇ ਲੋਕ ਪਹਿਲਾਂ ਵਾਲੇ ਕੈਪਟਨ ਦੀ ਉਡੀਕ ਕਰ  ਰਹੇ ਹਨ।  ਜੇ ਉਹ ਵਾਪਸ ਨਾ ਪਰਤਿਆ  ਤਾਂ ਇਸ ਵਾਰ ਵਾਲੇ ਕੈਪਟਨ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਜਾਵੇਗਾ। ਪੰਜਾਬ ਦੀਆਂ ਹਵਾਵਾਂ 'ਚ ਇਹੋ ਸਰਗੋਸ਼ੀਆਂ ਹਨ।

Editorial
Jaspal Singh Heran

International