ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਰੱਖਿਆ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ

ਭਾਰਤ ਨੂੰ ਦਿੱਤਾ ਅਮਨ ਸ਼ਾਂਤੀ ਦਾ ਸੱਦਾ, ਸਿੱਧੂ ਦੇ ਗਾਏ ਸੋਹਲੇ

ਕਰਤਾਰਪੁਰ ਸਾਹਿਬ 28 ਨਵੰਬਰ (ਏਜੰਸੀਆਂ): ਬੁੱਧਵਾਰ ਨੂੰ ਭਾਰਤ ਤੇ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਗਲਿਆਰੇ ਦੇ ਉਸਾਰੀ ਕਾਰਜਾਂ ਦੀ ਸ਼ੁਰੂਆਤ ਕਰ ਦਿੱਤੀ ਹੈ। ਇਹ ਲਾਂਘਾ ਸਿਰਫ਼ ਧਾਰਮਿਕ ਗਲਿਆਰਾ ਨਾ ਹੋ ਕੇ ਦੋਵੇਂ ਦੇਸ਼ਾਂ ਦਰਮਿਆਨ ਅਮਨ ਤੇ ਸ਼ਾਂਤੀ ਦੇ ਨਵੇਂ ਰਾਹ ਖੋਲ੍ਹੇਗਾ। ਕਰਤਾਰਪੁਰ ਸਾਹਿਬ ਗਲਿਆਰਾ ਇੱਕੋ-ਇੱਕ ਅਜਿਹਾ ਰਸਤਾ ਹੋਵੇਗਾ, ਜਿਸ ਰਾਹੀਂ ਲੋਕ ਵੀਜ਼ਾ ਮੁਕਤ ਤਰੀਕੇ ਨਾਲ ਗੁਆਂਢੀ ਦੇਸ਼ ਵਿੱਚ ਜਾ ਸਕਣਗੇ। ਇੱਕ ਦੇਸ਼ ਦੇ ਬਾਸ਼ਿੰਦਿਆਂ ਨੂੰ ਬਗ਼ੈਰ ਝੰਜਟ ਤੇ ਕਾਗ਼ਜ਼ ਪੱਤਰਾਂ ਤੇ ਸੈਂਕੜੇ ਕਾਨੂੰਨੀ ਪ੍ਰਕਿਰਿਆਵਾਂ ਵਿੱਚੋਂ ਗੁਜ਼ਰਨ ਦੀ ਥਾਏਂ ਬੜੇ ਹੀ ਸੁਖਾਲੇ ਢੰਗ ਨਾਲ ਦੂਜੇ ਦੇਸ਼ ਵਿੱਚ ਜਾਣ ਦਾ ਮੌਕਾ ਮਿਲਣ 'ਤੇ ਇੱਕ-ਦੂਜੇ ਪ੍ਰਤੀ ਵੈਰ ਵਿਰੋਧ ਤੇ ਨਫ਼ਰਤ ਖ਼ੁਦ-ਬ-ਖ਼ੁਦ ਘਟ ਜਾਵੇਗੀ। ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਕਰਤਾਰਪੁਰ ਸਾਹਿਬ ਗਲਿਆਰੇ ਬਾਰੇ ਆਪੋ-ਆਪਣੇ ਵਿਚਾਰ ਰੱਖ ਚੁੱਕੇ ਹਨ ਤੇ ਦੋਵਾਂ ਦਾ ਸਾਰ ਇਸ ਲਾਂਘੇ ਨੂੰ ਦੋਸਤੀ ਤੇ ਅਮਨ ਚੈਨ ਦਾ ਬਣਾਉਣ ਦਾ ਜ਼ਰੀਆ ਕਰਾਰ ਦਿੰਦਾ ਹੈ।

ਨਵਜੋਤ ਸਿੱਧੂ ਵੀ ਇਸ ਗਲਿਆਰੇ ਨੂੰ ਅਸੀਮ ਸੰਭਾਵਨਾਵਾਂ ਦਾ ਜ਼ਰੀਆ ਕਰਾਰ ਦਿੰਦੇ ਹਨ। ਉਨ੍ਹਾਂ ਮੁਤਾਬਕ ਕਰਤਾਰਪੁਰ ਸਾਹਿਬ ਗਲਿਆਰਾ ਸ਼ਾਂਤੀ ਦਾ ਪੈਗ਼ਾਮ ਦੇਵੇਗਾ ਜਿਸ ਨਾਲ ਭਾਰਤ ਤੇ ਪਾਕਿਸਤਾਨ ਦਰਮਿਆਨ ਵੈਰ ਦੀ ਭਾਵਨਾ ਖ਼ਤਮ ਹੋ ਜਾਵੇਗੀ। ਸਿਆਸਤਦਾਨਾਂ ਦੇ ਅਜਿਹਾ ਕਹਿਣ ਪਿੱਛੇ ਕਈ ਕਾਰਨ ਹੋ ਸਕਦੇ ਹਨ ਪਰ ਧਾਰਮਿਕ ਯਾਤਰਾ ਦੇ ਨਾਲ-ਨਾਲ ਇਸ ਲਾਂਘੇ ਦੇ ਖੁੱਲ੍ਹਣ ਦਾ ਦੂਜਾ ਪੱਖ ਵੀ ਹੈ, ਵਪਾਰ। ਕਰਤਾਰਪੁਰ ਸਾਹਿਬ ਵਾਲੇ ਲਾਂਘੇ ਦੀ ਉਸਾਰੀ ਸ਼ੁਰੂ ਹੋਣ ਨਾਲ ਵਪਾਰੀਆਂ ਨੂੰ ਨਵੀਂ ਆਸ ਦੀ ਕਿਰਨ ਦਿਖਾਈ ਦੇ ਰਹੀ ਹੈ। ਦੋਵੇਂ ਦੇਸ਼ਾਂ ਵੱਲੋਂ ਉਸਾਰੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਅਗਲੇ ਸਾਲ ਨਵੰਬਰ ਤੋਂ ਪਹਿਲਾਂ ਇਹ ਲਾਂਘਾ ਸ਼ੁਰੂ ਕੀਤੇ ਜਾਣ ਦੀ ਆਸ ਹੈ, ਜੋ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਇਤਿਹਾਸਕ ਤੇ ਯਾਦਗਾਰ ਬਣਾ ਦੇਵੇਗਾ।

ਇਮਰਾਨ ਨੇ ਸਿੱਧੂ ਨੂੰ ਪਾਕਿਸਤਾਨ ਆ ਕੇ ਚੋਣ ਲੜਨ ਲਈ ਕਿਹਾ 

ਕਰਤਾਰਪੁਰ ਸਾਹਿਬ ਵਿਖੇ ਨੀਂਹ ਪੱਥਰ ਸਮਾਗਮ ਦੌਰਾਨ ਭਾਸ਼ਣ ਦਿੰਦਿਆਂ ਇਮਰਾਨ ਖਾਨ ਨੇ ਸਿੱਧੂ ਦੀ ਪਾਕਿਸਤਾਨ 'ਚ ਲੋਕਪ੍ਰੀਅਤਾ ਵੇਖ ਕਿਹਾ ਕਿ ਸਿੱਧੂ ਭਾਵੇਂ ਪਾਕਿਸਤਾਨ, ਖਾਸ ਕਰ ਪੰਜਾਬ 'ਚ ਆ ਕੇ ਚੋਣ ਲੜ ਲੈਣ, ਉਹ ਲਾਜ਼ਮੀ ਜਿੱਤ ਜਾਣਗੇ। ਹਾਲਾਂਕਿ ਇਮਰਾਨ ਨੇ ਸਿੱਧੂ ਬਾਰੇ ਇਹ ਸ਼ਬਦ ਮਹਿਜ਼ ਉਨ੍ਹਾਂ ਦੀ ਲੋਕਪ੍ਰੀਅਤਾ ਦੇਖਦਿਆਂ ਹੀ ਕਹੇ ਸਨ।

ਕਰਤਾਰਪੁਰ ਲਾਂਘੇ ਨਾਲ ਹੀ ਪਾਕਿ ਨੇ ਖੋਲ੍ਹਿਆ ਭਾਰਤ ਲਈ ਦਿਲ

ਕਰਤਾਰਪੁਰ ਲਾਂਘਾ ਘੋਲ੍ਹਣ ਦੇ ਨਾਲ ਹੀ ਪਾਕਿਸਤਾਨ ਨੇ ਭਾਰਤ ਵੱਲ ਵੀ ਖੁੱਲ੍ਹਦਿਲੀ ਵਿਖਾਈ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਦੋਵਾਂ ਮੁਲਕਾਂ ਨੂੰ ਦੋਸਤੀ ਵੱਲ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਦੋਵਾਂ ਪਾਸਿਓਂ ਗਲਤੀਆਂ ਹੋਈਆਂ ਹਨ ਪਰ ਦੁਨੀਆ 'ਤੇ ਕੋਈ ਅਜਿਹਾ ਮਸਲਾ ਨਹੀਂ ਜਿਸ ਦਾ ਹੱਲ਼ ਨਾ ਹੋਵੇ। ਇਮਰਾਨ ਖ਼ਾਨ ਨੇ ਕਿਹਾ ਕਿ ਸਿਰਫ ਦੋਵਾਂ ਪਾਸੇ ਨੀਅਤ ਵਾਲੀ ਲੀਡਰਸ਼ਿਪ ਹੋਣੀ ਚਾਹੀਦੀ ਹੈ। ਇਮਰਾਨ ਨੇ ਭਾਰਤ ਨਾਲ ਦੋਸਤੀ ਦਾ ਹੱਥ ਵਧਾਉਂਦਿਆਂ ਕਿਹਾ ਕਿ ਭਾਰਤ-ਪਾਕਿਸਤਾਨ ਇਕਜੁੱਟ ਹੋਣ ਤੇ ਅੱਗੇ ਵਧਣ। ਉਨ੍ਹਾਂ ਕਿਹਾ ਕਿ ਭਾਰਤ-ਪਾਕਿ ਰਿਸ਼ਤੇ ਵਿੱਚ ਅੜਿੱਕਾ ਕਸ਼ਮੀਰ ਦਾ ਮਸਲਾ ਹੈ। ਇਹ ਬੈਠ ਕੇ ਹੱਲ ਹੋ ਸਕਦਾ ਹੈ। ਇਮਰਾਨ ਖਾਨ ਨੇ ਕਿਹਾ ਕਿ ਹਿੰਦੂਸਤਾਨ ਇੱਕ ਕਦਮ ਵਧਾਏ ਅਸੀਂ ਦੋ ਕਦਮੇ ਵਧਾਵਾਂਗੇ। ਕਿਹੜਾ ਮਸਲਾ ਦੋਸਤੀ ਨਾਲ ਹੱਲ ਨਹੀਂ ਹੁੰਦਾ। ਉਨ੍ਹਾਂ ਨੇ ਨਵਜੋਤ ਸਿੱਧੂ ਦਾ ਖਾਸ ਸਵਾਗਤ ਕਰਦਿਆਂ ਕਿਹਾ ਕਿ ਸਿੱਧੂ ਦੋਸਤੀ ਦਾ ਪੈਗਾਮ ਲੈ ਕੇ ਆਇਆ ਹੈ। ਉਨ੍ਹਾਂ ਸਵਾਲ ਕੀਤਾ ਕਿ ਸਿੱਧੂ ਨੇ ਪਾਕਿਤਸਾਨ ਆ ਕੇ ਕਿਹੜਾ ਗੁਨਾਹ ਕੀਤਾ ਹੈ? ਉਨ੍ਹਾਂ ਕਿਹਾ ਕਿ ਸਿੱਧੂ ਪਾਕਿਸਤਾਨ ਤੋਂ ਚੋਣ ਲੜਨ ਜਿੱਤ ਜਾਣਗੇ।

ਨਵਜੋਤ ਸਿੱਧੂ ਨੇ ਜਿੱਤਿਆ ਪਾਕਿਸਤਾਨੀਆਂ ਦਾ ਦਿਲ

ਪਾਕਿਸਤਾਨ ਵਿੱਚ ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਸਭਨਾ ਦੇ ਦਿਲ ਜਿੱਤ ਲਏ। ਉਨ੍ਹਾਂ ਨੇ ਪੂਰੇ ਉਤਸ਼ਾਹ ਨਾਲ ਜਿੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਧੰਨਵਾਦ ਕੀਤੇ, ਉੱਥੇ ਹੀ ਦੋਸਤੀ ਤੇ ਪਿਆਰ ਦਾ ਸੁਨੇਹਾ ਦੇ ਮੇਲਾ ਲੁੱਟ ਲਿਆ। ਸਿੱਧੂ ਦੇ ਇੱਕ-ਇੱਕ ਬਿਆਨ ਦਾ ਹਾਜ਼ਰ ਲੋਕਾਂ ਨੇ ਤਾਲੀਆਂ ਨਾਲ ਸਵਾਗਤ ਕੀਤਾ। ਦਿਲਚਸਪ ਗੱਲ਼ ਹੈ ਕਿ ਸਿੱਧੂ ਨੂੰ ਸਭ ਤੋਂ ਪਹਿਲਾਂ ਬੋਲਣ ਦਾ ਮੌਕਾ ਦਿੱਤਾ ਗਿਆ। ਉਨ੍ਹਾਂ ਨੇ ਪੂਰਾ ਭਾਸ਼ਨ ਪੰਜਾਬੀ ਵਿੱਚ ਦਿੱਤਾ। ਦੂਜੇ ਪਾਸੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਹਿੰਦੀ ਵਿੱਚ ਭਾਸ਼ਨ ਦਿੱਤਾ। ਸਿੱਧੂ ਨੇ ਸਮਾਗਮ ਦੀ ਸਟੇਜ 'ਤੇ ਸ਼ਾਇਰੀ ਨਾਲ ਪਿਆਰ ਦਾ ਸੁਨੇਹਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਆਪਣੀ ਸੋਚ ਬਦਲਣੀ ਪਵੇਗੀ। ਸਿੱਧੂ ਨੇ ਇਮਰਾਨ ਦੀ ਤਾਰੀਫ਼ ਵੀ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਤੇ ਇਮਰਾਨ ਖਾਨ ਨੇ ਪੁੰਨ ਦਾ ਕੰਮ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਧਰਮ ਨੂੰ ਰਾਜਨੀਤੀ ਤੇ ਅੱਤਵਾਦ ਨਾਲ ਨਾ ਜੋੜੋ। ਸਿੱਧੂ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਲੋਕਾਂ ਦੇ ਦਿਲਾਂ ਨੂੰ ਜੋੜੇਗਾ। ਗੱਲਬਾਤ ਵਧੇਗੀ ਤਾਂ ਭੁਲੇਖੇ ਦੂਰ ਹੋਣਗੇ। ਇਸ ਲਈ ਦੋਵਾਂ ਸਰਕਾਰਾਂ ਨੂੰ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੇ ਇਸ ਕਰਮ ਨੂੰ ਇਤਿਹਾਸ 'ਚ ਲਿਖਿਆ ਜਾਵੇਗਾ। ਇਹ ਲਾਂਘਾ ਅਗਲੇ ਨਵੰਬਰ 'ਚ ਖੋਲ੍ਹਿਆ ਜਾਵੇਗਾ।

ਪਾਕਿਸਤਾਨੀ ਦੋਸਤੀ ਦੇ ਹੱਥ ਨੂੰ ਭਾਰਤ ਦਾ ਝਟਕਾ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਬੁੱਧਵਾਰ ਦੁਪਹਿਰ ਢਾਈ ਵਜੇ ਕਰਤਾਰਪੁਰ ਗਲਿਆਰੇ ਦੇ ਉਸਾਰੀ ਕਾਰਜਾਂ ਦੀ ਪਾਕਿਸਤਾਨ ਤੋਂ ਸ਼ੁਰੂਆਤ ਕਰਨਗੇ। ਦੋਵਾਂ ਦੇਸ਼ਾਂ ਦਰਮਿਆਨ ਖ਼ਰਾਬ ਹੋਏ ਸਬੰਧਾਂ ਨੂੰ ਦੇਖਦੇ ਹੋਏ ਇਸ ਕਦਮ ਨੂੰ ਬੇਹੱਦ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਪਰ ਇਸ ਦੋਸਤਾਨਾ ਕਦਮ ਤੋਂ ਬਾਅਦ ਭਾਰਤ ਨੇ ਸਾਰਕ ਸੰਮੇਲਨ ਵਿੱਚ ਸ਼ਾਮਲ ਹੋਣ ਤੋਂ ਹੀ ਇਨਕਾਰ ਕਰ ਦਿੱਤਾ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਵੱਡਾ 'ਝਟਕਾ' ਦਿੰਦਿਆਂ ਕਿਹਾ ਹੈ ਕਿ ਅਤਿਵਾਦ ਤੇ ਗੱਲਬਾਤ ਦੋਵੇਂ ਇਕੱਠੇ ਨਹੀਂ ਰਹਿ ਸਕਦੇ। ਭਾਰਤੀ ਵਿਦੇਸ਼ ਮੰਤਰੀ ਦੇ ਇਸ ਬਿਆਨ ਨਾਲ ਪਾਕਿਸਤਾਨ ਦੀਆਂ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸਾਰਕ ਸੰਮੇਲਨ 'ਚ ਬੁਲਾਉਣ ਦੀਆਂ ਆਸਾਂ ਨੂੰ ਵੱਡਾ ਝਟਕਾ ਲੱਗਾ ਹੈ। ਇਸ ਵਾਰ ਸਾਰਕ ਸੰਮੇਲਨ ਪਾਕਿਸਤਾਨ ਵਿੱਚ ਕਰਵਾਇਆ ਜਾ ਰਿਹਾ ਹੈ। ਭਾਰਤ ਨੇ ਇਸ ਵਿੱਚ ਆਪਣੀ ਸ਼ਮੂਲੀਅਤ ਕਰਨ ਤੋਂ ਸਾਫ਼ ਮਨ੍ਹਾ ਕਰ ਦਿੱਤਾ ਹੈ।

ਸੁਸ਼ਮਾ ਸਵਰਾਜ ਨੇ ਕਰਤਾਰਪੁਰ ਸਾਹਿਬ ਗਲਿਆਰੇ ਦੀ ਉਸਾਰੀ ਦਰਮਿਆਨ ਸਭ ਕੁਝ ਠੀਕ ਹੋਣ ਵੱਲ ਵਧਣ ਦੀ ਉਮੀਦ ਦਾ ਖੰਡਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਕਈ ਸਾਲਾਂ ਤੋਂ ਪਾਕਿਸਤਾਨ ਸਰਕਾਰ ਕੋਲ ਇਸ ਮਸਲੇ ਨੂੰ ਚੁੱਕਦਾ ਰਿਹਾ ਹੈ ਤੇ ਇਸ ਵਾਰ ਪਾਕਿਸਤਾਨ ਨੇ ਸਕਾਰਾਤਮਕ ਜਵਾਬ ਦਿੱਤਾ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਇਸ ਕਾਰਨ ਦੁਵੱਲੀ ਗੱਲਬਾਤ ਸ਼ੁਰੂ ਹੋ ਜਾਵੇਗੀ, ਕਿਉਂਕਿ ਅਤਿਵਾਦ ਤੇ ਗੱਲਬਾਤ ਨਾਲ-ਨਾਲ ਨਹੀਂ ਚੱਲ ਸਕਦੇ।

ਸਿੱਧੂ ਦੀ ਸ਼ੋਹਰਤ ਨਹੀਂ ਹਜ਼ਮ ਹੋਈ ਬੀਬਾ ਬਾਦਲ ਨੂੰ

ਸ੍ਰੀ ਕਰਤਾਰਪੁਰ ਸਾਹਿਬ ਦੇ ਨੀਂਹ ਪੱਥਰ ਸਮਾਗਮ ਵਿੱਚ ਹਾਜ਼ਰੀ ਭਰਨ ਤੋਂ ਬਾਅਦ ਭਾਰਤ ਸਰਕਾਰ ਦੇ ਨੁਮਾਇੰਦੇ ਤਾਂ ਵਤਨ ਵਾਪਸ ਪਰਤ ਆਏ ਹਨ, ਪਰ ਨਵਜੋਤ ਸਿੱਧੂ ਤੇ ਹੋਰ ਆਗੂ ਭਲਕੇ ਵਾਪਸ ਪਰਤ ਸਕਦੇ ਹਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਹਰਦੀਪ ਸਿੰਘ ਪੁਰੀ ਨੇ ਅਟਾਰੀ-ਵਾਹਗਾ ਸਰਹੱਦ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉੱਥੋਂ ਦਾ ਤਜ਼ਰਬਾ ਸਾਂਝਾ ਕੀਤਾ। ਹਰਸਿਮਰਤ ਬਾਦਲ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ਤੋਂ ਲਿਆਂਦੇ ਪਰਿਵਾਰ ਲਈ ਪ੍ਰਸ਼ਾਦੇ ਮੀਡੀਆ ਨੂੰ ਵੰਡੇ ਅਤੇ ਨਾਲ ਹੀ ਉਨ੍ਹਾਂ ਘਰ ਲਈ ਕਰਤਾਰਪੁਰ ਦੀ ਮਿੱਟੀ ਵੀ ਲਿਆਂਦੀ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਮਰਾਨ ਖ਼ਾਨ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਤੋਂ ਚੋਣ ਲੜਨ ਬਾਰੇ ਕੀਤੀ ਪੇਸ਼ਕਸ਼ ਬਾਰੇ ਕਿਹਾ ਕਿ ਪਾਕਿਸਤਾਨ ਤੋਂ ਇਲੈਕਸ਼ਨ ਲੜਨ ਬਾਰੇ ਮੈਂ ਉਨ੍ਹਾਂ ਨੂੰ ਨਹੀਂ ਪੁੱਛਿਆ, ਪਰ ਜੋ ਵੀ ਉੱਥੇ ਜਾਂਦਾ ਹੈ, ਉਸ ਨੂੰ ਇਹੋ ਕਿਹਾ ਜਾਂਦਾ ਹੈ ਕਿ ਤੁਸੀਂ ਸਾਡੇ ਪਾਕਿਸਤਾਨ ਆ ਕੇ ਚੋਣ ਲੜੋ। ਹਰਸਿਮਰਤ ਕੌਰ ਬਾਦਲ ਨੇ ਵੀ ਪਾਕਿਸਤਾਨੀ ਪੀਐਮ ਦੇ ਕਸ਼ਮੀਰ ਬਾਰੇ ਬਿਆਨ ਦੇ ਜਵਾਬ ਵਿੱਚ ਕਿਹਾ ਕਿ ਕਸ਼ਮੀਰ ਭਾਰਤ ਦਾ ਹੀ ਹਿੱਸਾ ਹੈ ਅਤੇ ਹਮੇਸ਼ਾ ਰਹੇਗਾ।

ਉੱਧਰ, ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਦੀ ਉਸਾਰੀ ਲਈ ਚੁੱਕੇ ਗਏ ਕਦਮਾਂ ਦਾ ਕ੍ਰੈਡਿਟ ਸਿੱਧੂ ਨੂੰ ਦਿੱਤਾ ਅਤੇ ਦੋਵਾਂ ਕੇਂਦਰੀ ਨੁਮਾਇੰਦਿਆਂ ਦਾ ਟਿੱਲ ਲੱਗਾ ਸੀ ਕਿ ਅਜਿਹੇ ਸੰਕੇਤ ਨਾ ਜਾਣ। ਇਸੇ ਕੜੀ ਵਿੱਚ ਬਾਦਲ ਨੇ ਕਿਹਾ ਕਿ ਨਵਜੋਤ ਸਿੱਧੂ ਨਿੱਜੀ ਤੌਰ 'ਤੇ ਪਾਕਿਸਤਾਨ ਗਏ ਸੀ ਪਰ ਅਸੀਂ ਭਾਰਤ ਸਰਕਾਰ ਅਤੇ ਦੇਸ਼ ਨੂੰ ਰਿਪਰਜ਼ੈਂਟ ਕਰਨ ਲਈ ਉੱਥੇ ਗਏ ਸੀ।

ਪੁਰੀ ਨੇ ਵੀ ਕਿਹਾ ਕਿ ਸਿਰਫ਼ ਇੱਕ ਵਿਅਕਤੀ ਕਰਕੇ ਇਹ ਸਾਰਾ ਕੁਝ ਸੰਭਵ ਨਹੀਂ ਹੋਇਆ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਕਦਮ ਚੁੱਕੇ ਅਤੇ ਦੋਵਾਂ ਨੇ ਕਈ ਮਹੀਨੇ ਪਹਿਲਾਂ ਹੀ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਸੀ, ਜਿਸ ਤੋਂ ਬਾਅਦ ਗਲਿਆਰੇ ਦੀ ਉਸਾਰੀ ਦੀ ਸ਼ੁਰੂਆਤ ਸੰਭਵ ਹੋਇਆ ਹੈ।

Unusual
Kartarpur Corridor
Imran Khan
pakistan
Harsimrat Kaur Badal
Navjot Singh Sidhu

International