'ਦੁੰਬ ਨਾਲ ਦੋਸਤੀ ਘੋੜੇ ਨਾਲ ਵੈਰ'- ਗੋਪਾਲ ਚਾਵਲਾ ਦੀਆਂ ਤਸਵੀਰਾਂ ਦਾ ਅਕਾਲੀ ਵਿਰੋਧ

ਚੰਡੀਗੜ੍ਹ, 29 ਨਵੰਬਰ (ਪ.ਬ.) ਪਾਕਿਸਤਾਨ ਪਾਸੇ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਪੁੱਜੇ ਕਾਂਗਰਸੀ ਮੰਤਰੀ ਨਵਜੋਤ ਸਿੱਧੂ ਦੀ ਖ਼ਾਲਿਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਨਾਲ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਉਧਰ ਦੂਜੇ ਪਾਸੇ ਉਸੇ ਗੋਪਾਲ ਚਾਵਲਾ ਦੀ ਸ਼੍ਰੋਣਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲੌਂਗੋਵਾਲ ਨਾਲ ਵੀ ਤਸਵੀਰ ਵਾਇਰਲ ਹੋ ਰਹੀ ਹੈ। ਜੋ ਕਿ ਪੰਜਾਬ ਦੀਆਂ ਸਿਆਸੀ ਵਿਰੋਧੀ ਧਿਰਾਂ ਨੂੰ ਇੱਕ ਦੂਜੇ 'ਤੇ ਤੰਜ ਕੱਸਣ ਦਾ ਖਾਸਾ ਚੰਗਾ ਮੌਕਾ ਮਿਲ ਗਿਆ ਹੈ। ਵਾਇਰਲ ਹੋਈਆਂ ਤਸਵੀਰਾਂ ਬਾਰੇ ਸੁਖਬੀਰ ਬਾਦਲ ਵੀ ਟਿੱਪਣੀਆਂ ਕਰਨੋਂ ਪਿੱਛੇ ਨਾ ਰਹੇ।

ਬਾਦਲ ਨੇ ਆਪਣੇ ਸਿਆਸੀ ਵਿਰੋਧੀ ਸਿੱਧੂ ਦੀ ਚਾਵਲਾ ਨਾਲ ਤਸਵੀਰ ਬਾਰੇ ਉਨ੍ਹਾਂ ਤੋਂ ਜਵਾਬ ਦੇਣ ਦੀ ਮੰਗ ਕੀਤੀ ਜਦਕਿ ਆਪਣੇ ਹੱਥੀਂ ਬਣਾਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਤਸਵੀਰ ਵਿੱਚ 'ਫਸਾਉਣ' ਲਈ ਪਾਕਿਸਤਾਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਸੁਖਬੀਰ ਬਾਦਲ ਨੇ ਕਿਹਾ ਕਿ ਗੋਪਾਲ ਸਿੰਘ ਚਾਵਲਾ ਦੇਸ਼ ਨੂੰ ਵੰਡਣ ਦੀਆਂ ਗਤੀਵਿਧਿਆ ਕਰ ਰਿਹਾ ਹੈ ਤੇ ਅਜਿਹੇ ਇਨਸਾਨ ਨਾਲ ਸਿੱਧੂ ਦੀ ਫ਼ੋਟੋ ਸਾਹਮਣੇ ਆਈ ਹੈ, ਜਿਸ ਬਾਰੇ ਨਵਜੋਤ ਸਿੱਧੂ ਨੂੰ ਜਵਾਬ ਦੇਣਾ ਹੋਵੇਗਾ। ਦੂਜੇ ਪਾਸੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਵੀ ਗੋਪਾਲ ਚਾਵਲਾ ਦੀ ਸੈਲਫ਼ੀ ਸਾਹਮਣੇ ਆਉਣ ਬਾਰੇ ਸਫਾਈ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਲੌਂਗੋਵਾਲ ਨੂੰ ਪਾਕਿ ਸਰਕਾਰ ਨੇ ਹੀ ਗੋਪਾਲ ਸਿੰਘ ਨਾਲ ਖੜ੍ਹਾ ਕੀਤਾ ਸੀ। ਉਥੇ ਹੀ ਨਵਜੋਤ ਸਿੱਧੂ ਦਾ ਇਸ ਵਾਇਰਲ ਤਸਵੀਰ ਬਾਰੇ ਕਹਿਣਾ ਹੈ ਕਿ ਉਹਨਾਂ ਨਾਲ ਪਾਕਿਸਤਾਨ 'ਚ ਸੈਂਕੜਿਆਂ ਨੇ ਤਸਵੀਰਾਂ ਖਿਚਵਾਈਆਂ ਤੇ ਉਹਨਾਂ ਨੂੰ ਹੁਣ ਇਹ ਨਹੀਂ ਪਤਾ ਕਿ ਉਹਨਾਂ 'ਚੋਂ ਚਾਵਲਾ ਕੌਣ ਸੀ ਤੇ ਚੀਮਾ ਕੌਣ ਸੀ।  

ਗੋਪਾਲ ਚਾਵਲਾ ਨੂੰ ਤਾਂ ਜਾਣਦਾ ਵੀ ਨਹੀਂ : ਨਵਜੋਤ ਸਿੱਧੂ

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਗੋਪਾਲ ਚਾਵਲਾ ਨਾਲ ਫੋਟੋ ਦੇ ਮਾਮਲੇ ਨੂੰ ਬੇਲੋੜਾ ਦੱਸਿਆ ਹੈ। ਉਨ੍ਹਾਂ ਕਿਹਾ ਹੈ ਕਿ ਪਾਕਿਸਤਾਨ ਵਿੱਚ ਜਿਸ ਜਗ੍ਹਾ ਸਮਾਗਮ ਹੋਇਆ ਸੀ ਉੱਥੇ ਲੱਖਾਂ ਦੀ ਗਿਣਤੀ ਵਿੱਚ ਲੋਕ ਸਨ। ਇਸ ਦੌਰਾਨ ਕੌਣ ਕਿਸ ਕੋਲ ਬੈਠਾ ਹੈ, ਇਸ ਦਾ ਕੀ ਪਤਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਉਹ ਤਾਂ ਗੋਪਾਲ ਚਾਵਲਾ ਨੂੰ ਜਾਣਦੇ ਹੀ ਨਹੀਂ। ਦਰਅਸਲ ਪਾਕਿਸਤਾਨੀ ਨਾਗਰਿਕ ਤੇ ਖ਼ਾਲਿਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਨੇ ਸਿੱਧੂ ਨਾਲ ਤਸਵੀਰ ਖਿਚਵਾਈ ਹੈ। ਇਸ ਤੋਂ ਬਾਅਦ ਸਿੱਧੂ 'ਤੇ ਕਾਰਵਾਈ ਕੀਤੇ ਜਾਣ ਦੀ ਮੰਗ ਉੱਠ ਰਹੀ ਹੈ। ਦਿੱਲੀ ਤੋਂ ਅਕਾਲੀ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਸਿੱਧੂ ਨੂੰ ਪੰਜਾਬ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕੀਤੇ ਜਾਣ ਦੀ ਮੰਗ ਕੀਤੀ ਹੈ।

ਪਾਕਿਸਤਾਨ ਤੋਂ ਪਰਤ ਕੇ ਨਵਜੋਤ ਸਿੱਧੂ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣ ਨਾਲ਼ ਹਾਂਪੱਖੀ ਸ਼ੁਰੂਆਤ ਹੋਈ ਹੈ। ਸਿੱਧੂ ਨੇ ਕਿਹਾ ਕਿ ਉਹ ਦੁਸ਼ਮਣੀ ਖਤਮ ਕਰਵਾਉਣਾ ਚਾਹੁੰਦੇ ਹਨ। ਦੋਵਾਂ ਦੇਸ਼ਾਂ ਵਿੱਚ ਦੋਸਤੀ ਚਾਹੁੰਦੇ ਹਨ ਤੇ ਇਹ ਸੰਭਾਵਨਾਵਾਂ ਲੈ ਕੇ ਵਾਪਸ ਪਰਤੇ ਹਨ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿੱਚ ਜੋ ਨਫਰਤ ਦਾ ਜ਼ਹਿਰ ਸੀ, ਉਨ੍ਹਾਂ ਨੇ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹ ਇਹ ਜ਼ਹਿਰ ਘਟਾ ਕੇ ਆਏ ਹਨ। ਸਿੱਧੂ ਨੇ ਕਿਹਾ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਰੋਸਾ ਜਤਾਇਆ ਹੈ ਕਿ ਅੰਮ੍ਰਿਤਸਰ ਤੇ ਫਿਰੋਜ਼ਪੁਰ ਦੇ ਬਾਰਡਰ ਖੁੱਲ੍ਹ ਸਕਦੇ ਹਨ ਤੇ ਵਪਾਰ ਵੱਧ ਸਕਦਾ ਹੈ। ਇਸ ਨਾਲ ਖੁਸ਼ਹਾਲ ਹੋਵੇਗੀ।

Unusual
Kartarpur Corridor
Imran Khan
Navjot Singh Sidhu

International